ਮਜੀਠੀਆ ਦੀ ਪੇਸ਼ੀ ਮੌਕੇ ਆਮ ਬੀਬੀਆਂ ਬਣ ਕੇ ਨਾਹਰਬਾਜ਼ੀ ਕਰਨ ਪੁੱਜੀਆਂ ਝਾੜੂ ਦੀਆਂ ਬੀਬੀਆਂ

ਜਦ ਪੱਤਰਕਾਰਾਂ ਨੇ ਪੁੱਛੇ ਸਵਾਲ ਤਾਂ ਭੱਜ ਨਿਕਲੀਆਂ
ਅਕਾਲੀ ਦਲ ਨੂੰ ਬਦਨਾਮ ਕਰਨ ਲਈ ਹਰ ਤਰ੍ਹਾਂ ਦੇ ਢੰਗ ਵਰਤ ਰਹੀ ਹੈ ਸਰਕਾਰ : ਝਿੰਜਰ

ਮੋਹਾਲੀ, 26 ਜੂਨ (ਨਿਊਜ਼ ਟਾਊਨ ਨੈਟਵਰਕ) : ਅੱਜ ਇਥੇ ਇਕ ਅਦਾਲਤ ਦੇ ਬਾਹਰ ਜਦ ਬਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਗਿਆ ਤਾਂ ਅਦਾਲਤੀ ਭਵਨ ਦੇ ਬਾਹਰ ਅਜਿਹੀਆਂ ਬੀਬੀਆਂ ਵੀ ਤਖ਼ਤੀਆਂ ਦੇ ਕੇ ਖੜੀਆਂ ਕੀਤੀਆਂ ਗਈਆਂ ਜਿਨ੍ਹਾਂ ਉਪਰ ਲਿਖਿਆ ਗਿਆ ਸੀ ਕਿ ਨਸ਼ੇ ਦੇ ਤਸਕਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨਸ਼ੇ ਦੇ ਵਪਾਰੀਆਂ ਨੇ ਉਨ੍ਹਾਂ ਦੇ ਘਰ ਤਬਾਹ ਕਰ ਦਿਤੇ ਹਨ। ਉਨ੍ਹਾਂ ਦਾ ਇਸ਼ਾਰਾ ਸਿੱਧੇ ਤੌਰ ਤੇ ਬਿਕਰਮ ਸਿੰਘ ਮਜੀਠੀਆ ਵੱਲ ਸੀ। ਇਹ ਵੀ ਕਿਹਾ ਗਿਆ ਕਿ ਅਕਾਲੀ-ਭਾਜਪਾ ਦੇ ਰਾਜ ਤੋਂ ਨਸ਼ਾ ਚੱਲ ਰਿਹਾ ਹੈ। ਸਰਕਾਰ ਨਸ਼ੇ ਦੇ ਸੌਦਾਗਰਾਂ ਵਿਰੁਧ ਸਖ਼ਤ ਕਾਰਵਾਈ ਕਰੇ।

ਇਨ੍ਹਾਂ ਬੀਬੀਆਂ ਨੂੰ ਜਦ ਨਿਊਜ਼ ਟਾਊਨ ਦੇ ਪੱਤਰਕਾਰ ਕੋਲੋਂ ਪੁਛਿਆ ਗਿਆ ਕਿ ਉਹ ਕਿਥੋਂ ਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਮੋਹਾਲੀ ਦੀਆਂ ਹਨ। ਜਦ ਇਹ ਪੁਛਿਆ ਗਿਆ ਕਿ ਉਨ੍ਹਾਂ ਦੇ ਪਰਵਾਰ ਵਿਚੋਂ ਨਸ਼ੇ ਕਾਰਨ ਕਿੰਨੇ ਲੋਕਾਂ ਦੀ ਜਾਨ ਗਈ ਹੈ ਤਾਂ ਉਹ ਕੁੱਝ ਵੀ ਨਾ ਦੱਸ ਸਕੀਆਂ ਅਤੇ ਇਧਰ-ਉਧਰ ਭੱਜਣ ਲੱਗੀਆਂ। ਅਦਾਲਤੀ ਭਵਨ ਦੇ ਬਾਹਰ ਇਕੱਠੇ ਹੋਏ ਅਕਾਲੀ ਵਰਕਰਾਂ ਨੇ ਦੋਸ਼ ਲਗਾਇਆ ਕਿ ਇਹ ਬੀਬੀਆਂ ਆਮ ਆਦਮੀ ਪਾਰਟੀ ਦੀਆਂ ਵਲੰਟੀਅਰਜ਼ ਹਨ ਅਤੇ ਜਾਣਬੁਝ ਕੇ ਇਥੇ ਤਖ਼ਤੀਆਂ ਦੇ ਕੇ ਖੜੀਆਂ ਕੀਤੀਆਂ ਗਈਆਂ ਹਨ।

ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਹੁਣ ਆਰ-ਪਾਰ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਨੇ ਸਿੱਧੇ ਤੌਰ ਤੇ ਅਕਾਲੀ ਦਲ ਦੇ ਵੱਡੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਆਰੰਭ ਕਰ ਦਿਤਾ ਹੈ ਅਤੇ ਪਾਰਟੀ ਦਾ ਅਕਸ ਖ਼ਬਰ ਕਰਨ ਲਈ ਅਜਿਹੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਹ ਬੀਬੀਆਂ ਆਮ ਆਦਮੀ ਪਾਰਟੀ ਨੇ ਖ਼ੁਦ ਖੜੀਆਂ ਕੀਤੀਆਂ ਹਨ ਤਾਕਿ ਮਜੀਠੀਆ ਦੀ ਗ੍ਰਿਫ਼ਤਾਰੀ ਕਾਰਨ ਪੰਜਾਬ ਭਰ ਵਿਚੋਂ ਹੋਰ ਰਹੀ ਆਲੋਚਨਾ ਤੋਂ ਬਚਿਆ ਜਾ ਸਕੇ। ਪਹਿਲਾਂ 2017 ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਮਿਲ ਕੇ ਅਕਾਲੀ ਸਰਕਾਰ ਵਿਰੁਧ ਬੇਅਦਬੀਆਂ ਦਾ ਝੂਠਾ ਮਾਹੌਲ ਤਿਆਰ ਕੀਤਾ, ਹੁਣ ਜਦ ਅਕਾਲੀ ਦਲ ਮੁੜ ਮਜ਼ਬੂਤੀ ਵੱਲ ਵਧ ਰਿਹਾ ਹੈ ਤਾਂ 2027 ਤੋਂ ਪਹਿਲਾਂ ਫਿਰ ਅਕਾਲੀ ਲੀਡਰਾਂ ਦਾ ਅਕਸ ਖ਼ਰਾਬ ਕਰਨ ਦੀਆਂ ਚਾਲਾਂ ਆਰੰਭ ਹੋ ਗਈਆਂ ਹਨ। ਸਰਕਾਰ ਵਿਰੁਧ ਨਾਹਰੇਬਾਜ਼ੀ ਕਰ ਰਹੇ ਅਕਾਲੀ ਦਲ ਦੇ ਵਰਕਰਾਂ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਅਕਾਲੀ ਨੇਤਾ ਅਤੇ ਵਰਕਰ ਤਾਂ ਹਰ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਹੱਸ ਕੇ ਕਰ ਲੈਣਗੇ ਪਰ ਜਦ ਝਾੜੂ ਵਾਲਿਆਂ ਦੀ ਬਾਰੀ ਆਉਣੀ ਹੈ ਤਾਂ ਉਨ੍ਹਾਂ ਦੀਆਂ ਚੀਕਾਂ ਦਿੱਲੀ ਤਕ ਸੁਣਾਈ ਦੇਣਗੀਆਂ।

