ਗੁਰਦਾਸਪੁਰ ‘ਚ 20,000 ਦੀ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ

0
sfsd

(ਨਿਊਜ਼ ਟਾਊਨ ਨੈਟਵਰਕ)

ਚੰਡੀਗੜ੍ਹ, 23 ਜੂਨ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀਡੀਪੀਓ) ਦਫ਼ਤਰ, ਗੁਰਦਾਸਪੁਰ ਵਿਖੇ ਤਾਇਨਾਤ ਬਲਾਕ ਸੰਮਤੀ ਪਟਵਾਰੀ ਨਿਸ਼ਾਨ ਸਿੰਘ ਨੂੰ 20000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿਚ ਵਿਜੀਲੈਂਸ ਬਿਊਰੋ ਪੁਲਿਸ ਥਾਣਾ ਅੰਮ੍ਰਿਤਸਰ ਰੇਂਜ ਵਿਚ ਮੁਲਜ਼ਮ ਵਿਰੁਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਇਹ ਗ੍ਰਿਫ਼ਤਾਰੀ ਗੁਰਦਾਸਪੁਰ ਦੇ ਪਿੰਡ ਬੱਬਰੀ ਨੰਗਲ ਦੀ ਵਸਨੀਕ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤਕਰਤਾ ਮੁਤਾਬਕ ਉਹ ਗ੍ਰਾਮ ਪੰਚਾਇਤ ਬੱਬਰੀ ਨੰਗਲ ਦੀ ਮੌਜੂਦਾ ਪੰਚਾਇਤ ਮੈਂਬਰ ਹੈ ਤੇ ਉਸਦਾ ਪਤੀ ਪਿਛਲੇ 50 ਸਾਲਾਂ ਤੋਂ ਪਿੰਡ ਦੀ ਸ਼ਾਮਲਾਤ ਦੀ ਕੁੱਲ 25 ਏਕੜ ਜ਼ਮੀਨ ਵਿਚੋਂ ਲਗਭਗ 22 ਕਨਾਲ ਅਤੇ 11 ਮਰਲੇ ਜ਼ਮੀਨ ’ਤੇ ਖੇਤੀ ਕਰ ਰਿਹਾ ਹੈ ਅਤੇ ਉਕਤ ਜ਼ਮੀਨ ਦੀ ਜ਼ਮੀਨੀ ਮਾਲਕੀ (ਗਿਰਦਾਵਰੀ) ਵੀ ਉਸਦੇ ਨਾਮ ’ਤੇ ਹੀ ਦਰਜ ਹੈ। ਬੀਡੀਪੀਓ ਦਫ਼ਤਰ ਨੇ ਉਸਨੂੰ ਇਸ ਸਬੰਧ ਵਿਚ ਸਪੱਸ਼ਟੀਕਰਨ ਦੇਣ ਲਈ ਕਿਹਾ ਸੀ। ਉਸਨੇ ਆਪਣੇ ਪਿੰਡ ਦੇ ਮੌਜੂਦਾ ਸਰਪੰਚ ਨੂੰ ਇਸ ਮਸਲੇ ਨੂੰ ਹੱਲ ਕਰਨ ਲਈ ਬੇਨਤੀ ਕੀਤੀ ਸੀ ਪਰ ਉਕਤ ਨਿਸ਼ਾਨ ਸਿੰਘ ਸੰਮਤੀ ਪਟਵਾਰੀ ਨੇ ਆਪਣੇ ਵਿਭਾਗ ਰਾਹੀਂ ਇਸ ਮਸਲੇ ਨੂੰ ਹੱਲ ਕਰਨ ਲਈ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਤੇ ਮੁਲਜ਼ਮ ਨਿਸ਼ਾਨ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 20,000 ਰੁਪਏ  ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Leave a Reply

Your email address will not be published. Required fields are marked *