ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਦਿਖਾਈ ਹਰੀ ਝੰਡੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਪਹਿਲੀ ...
ਜੀਂਦ/ਚੰਡੀਗੜ੍ਹ, : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ-ਚਾਲਿਤ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਵਦੇਸ਼ੀ ਤਕਨੀਕ ਨਾਲ ਤਿਆਰ ਕੀਤੀ ਗਈ ਇਹ ਟ੍ਰੇਨ ਹਾਈਡ੍ਰੋਜਨ ਫਿਊਲ ਸੈੱਲ ‘ਤੇ ਆਧਾਰਿਤ ਹੈ ਅਤੇ ਸੰਚਾਲਨ ਦੌਰਾਨ ਜ਼ੀਰੋ ਕਾਰਬਨ ਨਿਕਾਸ ਕਰਦੀ ਹੈ। ਇਸ ਨੂੰ ਦੇਸ਼ ਵਿੱਚ ਸਾਫ਼, ਹਰੇ ਅਤੇ ਟਿਕਾਊ ਰੇਲ ਆਵਾਜਾਈ ਵੱਲ ਇੱਕ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਹਰਿਆਣਾ ਵਿੱਚ 23,000 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਬੁਨਿਆਦੀ ਢਾਂਚੇ, ਸਿਹਤ ਅਤੇ ਸਿੱਖਿਆ ਨਾਲ ਸੰਬੰਧਿਤ ਕਈ ਵੱਡੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਕੁਰੂਕਸ਼ੇਤਰ ਵਿਖੇ ਸਿੱਖ ਅਜਾਇਬ ਘਰ ਦੀ ਨੀਂਹ ਰੱਖੀ ਅਤੇ ਹਾਂਸੀ-ਬਰਵਾਲਾ ਨੈਸ਼ਨਲ ਹਾਈਵੇਅ ਸਮੇਤ ਕਈ ਮਹੱਤਵਪੂਰਨ ਸੜਕੀ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਹਰਿਆਣਾ ਹਿੱਸੇ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ।
ਸਿਹਤ ਖੇਤਰ ਨੂੰ ਮਜ਼ਬੂਤੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਭਿਵਾਨੀ ਦੇ ਪੰਡਿਤ ਨੇਕੀ ਰਾਮ ਸ਼ਰਮਾ ਸਰਕਾਰੀ ਮੈਡੀਕਲ ਕਾਲਜ ਅਤੇ ਨਾਰਨੌਲ ਦੇ ਮਹਾਰਿਸ਼ੀ ਚਯਵਨ ਮੈਡੀਕਲ ਕਾਲਜ ਅਤੇ ਰਾਓ ਤੁਲਾ ਰਾਮ ਹਸਪਤਾਲ ਦਾ ਉਦਘਾਟਨ ਕੀਤਾ।
ਆਪਣੇ ਦੌਰੇ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ ਚੰਡੀਗੜ੍ਹ ਪਹੁੰਚੇ, ਜਿੱਥੇ ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਕਰੀਬ 4,736 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਜਲੰਧਰ ਦੇ ਪੁਨਰ-ਵਿਕਸਿਤ ਕੈਂਟ ਰੇਲਵੇ ਸਟੇਸ਼ਨ ਪਹੁੰਚੇ, ਜਿੱਥੋਂ ਉਨ੍ਹਾਂ ਨੇ ਅੰਮ੍ਰਿਤਸਰ-ਵਾਰਾਣਸੀ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਈ ਅਤੇ 5,470 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਹ ਪਿਛਲੇ ਪੰਜ ਮਹੀਨਿਆਂ ਵਿੱਚ ਪ੍ਰਧਾਨ ਮੰਤਰੀ ਦਾ ਦੂਜਾ ਜਲੰਧਰ ਦੌਰਾ ਹੈ।
ਪ੍ਰਧਾਨ ਮੰਤਰੀ ਦੇ ਇਸ ਬਹੁਪੱਖੀ ਦੌਰੇ ਨੂੰ ਲੈ ਕੇ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਲਗਭਗ 10,000 ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਰਹੀ, ਜਦਕਿ ਪੰਜਾਬ ਸਰਕਾਰ ਵੱਲੋਂ ਕਿਸੇ ਕੈਬਨਿਟ ਮੰਤਰੀ ਦੀ ਨੁਮਾਇੰਦਗੀ ਕੀਤੇ ਜਾਣ ਦੀ ਚਰਚਾ ਰਹੀ।
