60 ਤੋਂ ਵੱਧ ਅਮਰੀਕੀ ਸੈਨੇਟਰਾਂ ਨੇ 100 ਫ਼ੀਸਦੀ ਟੈਰਿਫ਼ ਬਿੱਲ ਨੂੰ ਦਿੱਤਾ ਸਮਰਥਨ

60 ਤੋਂ ਵੱਧ ਅਮਰੀਕੀ ਸੈਨੇਟਰਾਂ ਨੇ 100...
ਨਵੀਂ ਦਿੱਲੀ : ਰੂਸੀ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਪ੍ਰਮੁੱਖ ਖਰੀਦਦਾਰ ਦੇਸ਼ਾਂ ਤੋਂ ਹੋਣ ਵਾਲੀ ਦਰਾਮਦ ‘ਤੇ 100 ਫੀਸਦੀ ਤੱਕ ਟੈਰਿਫ (ਆਯਾਤ ਕਰ) ਲਗਾਉਣ ਦਾ ਰਾਹ ਪੱਧਰਾ ਕਰਨ ਵਾਲੇ ਦੋ-ਪੱਖੀ ‘ਸੈਂਕਸ਼ਨਿੰਗ ਰੂਸ਼ੀਆ ਐਕਟ’ (S.1241) ਨੂੰ ਅਮਰੀਕੀ ਸੈਨੇਟ ਵਿੱਚ 60 ਤੋਂ ਵੱਧ ਸੈਨੇਟਰਾਂ ਦਾ ਸਮਰਥਨ ਮਿਲ ਗਿਆ ਹੈ। ਇਹ ਬਿੱਲ ਰੂਸ ‘ਤੇ ਆਰਥਿਕ ਦਬਾਅ ਵਧਾਉਣ ਦੇ ਨਾਲ-ਨਾਲ ਰੂਸੀ ਊਰਜਾ ‘ਤੇ ਨਿਰਭਰ ਦੇਸ਼ਾਂ ਨੂੰ ਵੀ ਨਿਸ਼ਾਨਾ ਬਣਾਉਂਦਾ ਹੈ।
ਪ੍ਰਸਤਾਵਿਤ ਕਾਨੂੰਨ ਅਨੁਸਾਰ ਰੂਸੀ ਕੱਚੇ ਤੇਲ ਜਾਂ ਕੁਦਰਤੀ ਗੈਸ ਦੇ ਦੁਨੀਆ ਦੇ ਚੋਟੀ ਦੇ ਪੰਜ ਖਰੀਦਦਾਰਾਂ ਅਤੇ ਰੂਸ ਨੂੰ ਪਾਬੰਦੀਆਂ ਤੋਂ ਬਚਣ ਵਿੱਚ ਮਦਦ ਕਰਨ ਵਾਲੇ ਚੋਟੀ ਦੇ ਪੰਜ ਸਹੂਲਤਕਾਰਾਂ ਤੋਂ ਅਮਰੀਕਾ ਵਿੱਚ ਆਉਣ ਵਾਲੀਆਂ ਵਸਤੂਆਂ ‘ਤੇ 100 ਫੀਸਦੀ ਤੱਕ ਟੈਰਿਫ ਲਗਾਇਆ ਜਾ ਸਕੇਗਾ। ਪਹਿਲਾਂ ਇਸ ਤਰ੍ਹਾਂ ਦੇ ਪ੍ਰਸਤਾਵ ਵਿੱਚ 500 ਫੀਸਦੀ ਟੈਰਿਫ ਦੀ ਗੱਲ ਕੀਤੀ ਗਈ ਸੀ, ਜਿਸ ਨੂੰ ਹੁਣ ਸੋਧ ਦਿੱਤਾ ਗਿਆ ਹੈ।
ਬਿੱਲ ਰਾਸ਼ਟਰਪਤੀ ਨੂੰ ਇਹ ਅਧਿਕਾਰ ਵੀ ਦਿੰਦਾ ਹੈ ਕਿ ਜੇਕਰ ਇਹ ਅਮਰੀਕਾ ਦੇ ਰਾਸ਼ਟਰੀ ਹਿੱਤ ਵਿੱਚ ਹੋਵੇ ਤਾਂ ਉਹ ਇਨ੍ਹਾਂ ਟੈਰਿਫਾਂ ਅਤੇ ਪਾਬੰਦੀਆਂ ਨੂੰ ਅਸਥਾਈ ਤੌਰ ‘ਤੇ ਮੁਆਫ਼ ਕਰ ਸਕਣ। ਭਾਰਤ, ਜੋ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸੀ ਕੱਚੇ ਤੇਲ ਦੇ ਸਭ ਤੋਂ ਵੱਡੇ ਖਰੀਦਦਾਰਾਂ ਵਿੱਚ ਸ਼ਾਮਲ ਹੋ ਗਿਆ ਹੈ, ਇਸ ਕਾਨੂੰਨ ਦੇ ਲਾਗੂ ਹੋਣ ਦੀ ਸੂਰਤ ਵਿੱਚ ਪ੍ਰਭਾਵਿਤ ਹੋ ਸਕਦਾ ਹੈ। ਚੀਨ ਦੇ ਵੀ ਇਸ ਦੀ ਜ਼ਦ ਵਿੱਚ ਆਉਣ ਦੀ ਸੰਭਾਵਨਾ ਹੈ।
ਕਾਨੂੰਨ ਅਨੁਸਾਰ ਯੂਨਾਈਟਿਡ ਸਟੇਟਸ ਟਰੇਡ ਰਿਪ੍ਰੈਜ਼ੈਂਟੇਟਿਵ (USTR) ਹਰ 180 ਦਿਨਾਂ ਬਾਅਦ ਚੋਟੀ ਦੇ ਪੰਜ ਖਰੀਦਦਾਰਾਂ ਦੀ ਸੂਚੀ ਦੀ ਸਮੀਖਿਆ ਕਰੇਗਾ। ਬਿੱਲ ਦੀ ਅਗਵਾਈ ਸੈਨੇਟ ਦੀ ਵਿਦੇਸ਼ੀ ਸਬੰਧ ਕਮੇਟੀ ਦੇ ਚੇਅਰਮੈਨ ਜਿਮ ਰਿਸ਼, ਸੈਨੇਟਰ ਡਾਰਲਿਨ ਗ੍ਰਾਹਮ ਅਤੇ ਡੈਮੋਕ੍ਰੇਟਿਕ ਸੈਨੇਟਰ ਰਿਚਰਡ ਬਲੂਮੈਂਥਲ ਕਰ ਰਹੇ ਹਨ। ਇਸ ਨੂੰ ਸੈਨੇਟ ਵਿੱਚ ਦੋਵਾਂ ਪਾਰਟੀਆਂ ਦੇ 60 ਤੋਂ ਵੱਧ ਕਾਨੂੰਨਸਾਜ਼ਾਂ ਦਾ ਸਮਰਥਨ ਪ੍ਰਾਪਤ ਹੈ।
