ਰੂਪਨਗਰ ਜ਼ਿਲ੍ਹੇ ਦੀ ਮਹਿਕਪ੍ਰੀਤ ਕੌਰ ਨੇ ਦੇਸ਼ ਭਰ ਵਿੱਚੋਂ AFCAT ਪ੍ਰੀਖਿਆ ‘ਚ ਹਾਸਲ ਕੀਤਾ ਪਹਿਲਾ ਰੈਂਕ

ਮੋਰਿੰਡਾ ( ਮਜੀਦ ਖ਼ਾਨ)- ਪੰਜਾਬ ਦੀਆਂ ਧੀਆਂ ਅੱਜ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ ਅਤੇ ਇਸ ਦੀ ਤਾਜ਼ਾ ਮਿਸਾਲ ਰੂਪਨਗਰ ਜ਼ਿਲ੍ਹੇ ਦੇ ਪਿੰਡ ਪਪਰਾਲੀ ਦੀ ਮਹਿਕਪ੍ਰੀਤ ਕੌਰ ਨੇ ਕਾਇਮ ਕੀਤੀ ਹੈ। ਮਹਿਕਪ੍ਰੀਤ ਕੌਰ ਨੇ ਭਾਰਤੀ ਹਵਾਈ ਸੈਨਾ ਦੀ ਵੱਕਾਰੀ AFCAT (Air Force Common Admission Test) ਪ੍ਰੀਖਿਆ ਵਿੱਚ ਪੂਰੇ ਦੇਸ਼ ਵਿੱਚੋਂ ਪਹਿਲਾ ਰੈਂਕ (All India Rank 1) ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਵੱਡੀ ਪ੍ਰਾਪਤੀ ਤੋਂ ਬਾਅਦ ਮਹਿਕਪ੍ਰੀਤ ਦੇ ਘਰ ਅਤੇ ਪੂਰੇ ਇਲਾਕੇ ਵਿੱਚ ਜਸ਼ਨ ਅਤੇ ਖੁਸ਼ੀ ਦਾ ਮਾਹੌਲ ਹੈ। ਮਹਿਕਪ੍ਰੀਤ ਕੌਰ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦੇ ਪਿਤਾ ਅਮਰਜੀਤ ਸਿੰਘ ਪਿੰਡ ਵਿੱਚ ਖੇਤੀਬਾੜੀ ਕਰਦੇ ਹਨ। ਮਹਿਕਪ੍ਰੀਤ ਨੇ ਦੱਸਿਆ ਕਿ ਉਸ ਦੇ ਮਾਪੇ ਹੀ ਉਸ ਦੀ ਸਭ ਤੋਂ ਵੱਡੀ ਪ੍ਰੇਰਨਾ ਹਨ। ਇੱਕ ਕਿਸਾਨ ਦੀ ਧੀ ਹੋਣ ਦੇ ਨਾਤੇ ਉਸ ਨੇ ਆਪਣੇ ਪਿਤਾ ਨੂੰ ਦਿਨ-ਰਾਤ ਖੇਤਾਂ ਵਿੱਚ ਸਖ਼ਤ ਮਿਹਨਤ ਕਰਦਿਆਂ ਦੇਖਿਆ, ਜਿਸ ਤੋਂ ਉਸ ਨੂੰ ਜੀਵਨ ਵਿੱਚ ਕਦੇ ਹਾਰ ਨਾ ਮੰਨਣ ਅਤੇ ਲਗਨ ਨਾਲ ਅੱਗੇ ਵਧਣ ਦੀ ਸਿੱਖਿਆ ਮਿਲੀ। ਪਿਤਾ ਅਮਰਜੀਤ ਸਿੰਘ ਨੇ ਬੜੇ ਮਾਣ ਨਾਲ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਧੀ-ਪੁੱਤ ਵਿੱਚ ਫ਼ਰਕ ਨਹੀਂ ਸਮਝਿਆ। ਮਹਿਕਪ੍ਰੀਤ ਪੜ੍ਹਾਈ ਦੇ ਨਾਲ-ਨਾਲ ਖੇਤਾਂ ਵਿੱਚ ਟਰੈਕਟਰ ਚਲਾਉਣ ਅਤੇ ਪਾਣੀ ਲਾਉਣ ਵਰਗੇ ਕੰਮਾਂ ਵਿੱਚ ਵੀ ਉਨ੍ਹਾਂ ਦਾ ਹੱਥ ਵਟਾਉਂਦੀ ਰਹੀ ਹੈ। ਪਰਿਵਾਰ ਹੋਇਆ ਭਾਵੁਕ, ਦਾਦੇ ਨੂੰ ਖੁਸ਼ੀ ‘ਚ ਸਾਰੀ ਰਾਤ ਨਹੀਂ ਆਈ ਨੀਂਦ ਧੀ ਦੀ ਇਸ ਇਤਿਹਾਸਕ ਪ੍ਰਾਪਤੀ ‘ਤੇ ਪੂਰਾ ਪਰਿਵਾਰ ਭਾਵੁਕ ਨਜ਼ਰ ਆਇਆ। ਮਹਿਕਪ੍ਰੀਤ ਦੇ ਦਾਦਾ ਧਰਮ ਸਿੰਘ ਨੇ ਭਰੇ ਮਨ ਨਾਲ ਕਿਹਾ, “ਮੈਨੂੰ ਤਾਂ ਖੁਸ਼ੀ ਦੇ ਮਾਰੇ ਸਾਰੀ ਰਾਤ ਨੀਂਦ ਨਹੀਂ ਆਈ, ਮੇਰੇ ਤੋਂ ਤਾਂ ਬੋਲਿਆ ਵੀ ਨਹੀਂ ਜਾ ਰਿਹਾ। ਜਿੰਨੀ ਖੁਸ਼ੀ ਮੈਨੂੰ ਇਹ ਖ਼ਬਰ ਸੁਣ ਕੇ ਹੋਈ ਹੈ, ਉੰਨੀ ਕਦੇ ਪੁੱਤਾਂ ਦੇ ਜੰਮਣ ‘ਤੇ ਵੀ ਨਹੀਂ ਸੀ ਹੋਈ।” ਉੱਥੇ ਹੀ ਮਾਤਾ ਗੁਰਵਿੰਦਰ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ‘ਤੇ ਬਹੁਤ ਮਾਣ ਹੈ ਜਿਸ ਨੇ ਪਰਿਵਾਰ ਦਾ ਨਾਂ ਪੂਰੇ ਦੇਸ਼ ਵਿੱਚ ਚਮਕਾ ਦਿੱਤਾ ਹੈ। ਮਾਈ ਭਾਗੋ ਇੰਸਟੀਚਿਊਟ’ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਣਿਆ ਇਹ ਰਿਕਾਰਡ ਮਹਿਕਪ੍ਰੀਤ ਕੌਰ ਨੇ ਇਸ ਪ੍ਰੀਖਿਆ ਦੀ ਤਿਆਰੀ ਮੋਹਾਲੀ ਸਥਿਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼’ ਵਿੱਚ ਤਿੰਨ ਸਾਲ ਰਹਿ ਕੇ ਕੀਤੀ ਹੈ। ਇੰਸਟੀਚਿਊਟ ਦੇ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਜਦੋਂ ਤੋਂ ਇਹ ਸੰਸਥਾ ਸ਼ੁਰੂ ਹੋਈ ਹੈ, ਇਹ ਪਹਿਲੀ ਵਾਰ ਹੈ ਕਿ ਕਿਸੇ ਲੜਕੀ ਨੇ ਦੇਸ਼ ਭਰ ਵਿੱਚੋਂ ਪਹਿਲਾ ਰੈਂਕ (AIR 1) ਹਾਸਲ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਮਹਿਕਪ੍ਰੀਤ ਦੀ ਇੱਛਾ-ਸ਼ਕਤੀ (Will Power) ਅਤੇ ਫੋਕਸ ਬੇਮਿਸਾਲ ਹੈ ਅਤੇ ਉਹ ਹੋਰਨਾਂ ਲੜਕੀਆਂ ਲਈ ਇੱਕ ਵੱਡੀ ਮਿਸਾਲ ਬਣ ਕੇ ਉੱਭਰੀ ਹੈ। ਦੱਸਣਯੋਗ ਹੈ ਕਿ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ (AFCAT) ਇੱਕ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੈ, ਜਿਸ ਰਾਹੀਂ ਭਾਰਤੀ ਹਵਾਈ ਸੈਨਾ ਵਿੱਚ ਯੋਗ ਨੌਜਵਾਨਾਂ ਨੂੰ ਕਮਿਸ਼ਨਡ ਅਫ਼ਸਰਾਂ ਵਜੋਂ ਚੁਣਿਆ ਜਾਂਦਾ ਹੈ। ਮਹਿਕਪ੍ਰੀਤ ਦੀ ਇਸ ਸਫ਼ਲਤਾ ਨੇ ਪੰਜਾਬ ਦੀਆਂ ਹਜ਼ਾਰਾਂ ਹੋਰਨਾਂ ਧੀਆਂ ਨੂੰ ਵੀ ਰੱਖਿਆ ਸੇਵਾਵਾਂ ਵਿੱਚ ਜਾਣ ਲਈ ਨਵੀਂ ਉਮੀਦ ਅਤੇ ਪ੍ਰੇਰਨਾ ਦਿੱਤੀ ਹੈ।
