ਭਗਤਾਂਵਾਲਾ ਡੰਪ ’ਤੇ 7 ਲੱਖ ਮੈਟ੍ਰਿਕ ਟਨ ਕੂੜੇ ਦਾ ਹੋਇਆ ਨਿਪਟਾਰਾ : ਪ੍ਰਭਬੀਰ ਸਿੰਘ ਬਰਾੜ

ਅੰਮ੍ਰਿਤਸਰ, 02 (ਮਨਜੀਤ ਸਿੰਘ ਸ਼ੇਰਗਿੱਲ )
ਪਨਸਪ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਭਗਤਾਂਵਾਲਾ ਡੰਪ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਡੰਪ ਵਿੱਚ ਮੌਜੂਦ ਕੁੱਲ ਕੂੜੇ ਵਿੱਚੋਂ ਹੁਣ ਤੱਕ ਕਰੀਬ 7 ਲੱਖ ਮੈਟ੍ਰਿਕ ਟਨ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜੋ ਕਿ ਕੁੱਲ ਕੂੜੇ ਦਾ ਲਗਭਗ ਅੱਧਾ ਹਿੱਸਾ ਬਣਦਾ ਹੈ। ਇਹ ਪ੍ਰਾਪਤੀ ਸਾਬਤ ਕਰਦੀ ਹੈ ਕਿ ਮਾਨ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਇਰਾਦੇ ਨਾਲ ਕੰਮ ਕਰ ਰਹੀ ਹੈ।ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਭਗਤਾਂਵਾਲਾ ਡੰਪ ਪਿਛਲੇ ਕਈ ਦਹਾਕਿਆਂ ਤੋਂ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਵਾਤਾਵਰਨੀ ਅਤੇ ਸਿਹਤ ਸੰਬੰਧੀ ਸਮੱਸਿਆ ਬਣਿਆ ਹੋਇਆ ਸੀ। ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਕੂੜੇ ਦਾ ਇਹ ਪਹਾੜ ਲਗਾਤਾਰ ਵਧਦਾ ਗਿਆ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਬਦਬੂ, ਪ੍ਰਦੂਸ਼ਣ ਅਤੇ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਗੰਭੀਰ ਸਮੱਸਿਆ ਦੇ ਸਥਾਈ ਹੱਲ ਲਈ ਠੋਸ ਕਦਮ ਚੁੱਕੇ ਹਨ।ਉਨ੍ਹਾਂ ਕਿਹਾ ਕਿ ਇਸ ਵੇਲੇ ਰੋਜ਼ਾਨਾ ਕਰੀਬ 4,000 ਮੈਟ੍ਰਿਕ ਟਨ ਕੂੜੇ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਸਮਰੱਥਾ ਨੂੰ ਵਧਾ ਕੇ 5,000 ਮੈਟ੍ਰਿਕ ਟਨ ਪ੍ਰਤੀ ਦਿਨ ਕੀਤਾ ਜਾਵੇਗਾ। ਇਸ ਨਾਲ ਬਾਕੀ ਬਚੇ ਕੂੜੇ ਦੇ ਨਿਪਟਾਰੇ ਦੀ ਪ੍ਰਕਿਰਿਆ ਹੋਰ ਤੇਜ਼ ਹੋਵੇਗੀ ਅਤੇ ਅੰਮ੍ਰਿਤਸਰ ਨੂੰ ਇਸ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਤੋਂ ਪੂਰੀ ਤਰ੍ਹਾਂ ਮੁਕਤੀ ਮਿਲੇਗੀ।ਚੇਅਰਮੈਨ ਬਰਾੜ ਨੇ ਕਿਹਾ ਕਿ ਭਗਤਾਂਵਾਲਾ ਡੰਪ ਦੀ ਸਫ਼ਾਈ ਮਾਨ ਸਰਕਾਰ ਦੀ ਕਾਰਗੁਜ਼ਾਰੀ ਅਤੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਜਿੱਥੇ ਪਿਛਲੀਆਂ ਸਰਕਾਰਾਂ ਸਿਰਫ਼ ਵਾਅਦੇ ਕਰਦੀਆਂ ਰਹੀਆਂ, ਉੱਥੇ ਮੌਜੂਦਾ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਕੰਮ ਕਰਕੇ ਨਤੀਜੇ ਦਿੱਤੇ ਹਨ। ਇਹ ਪ੍ਰੋਜੈਕਟ ਨਾ ਸਿਰਫ਼ ਵਾਤਾਵਰਨ ਨੂੰ ਸੁਧਾਰੇਗਾ, ਸਗੋਂ ਸ਼ਹਿਰ ਦੀ ਸੁੰਦਰਤਾ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਵੀ ਬਿਹਤਰ ਬਣਾਏਗਾ।ਅੰਤ ਵਿੱਚ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਸਾਫ਼-ਸੁਥਰਾ, ਪ੍ਰਦੂਸ਼ਣ ਮੁਕਤ ਅਤੇ ਵਿਕਸਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
