ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ, ਦੋਵੇਂ ਪੱਖਾਂ ਦੇ ਲੋਕ ਜ਼ਖ਼ਮੀ

0

ਸਨੌਰ, 2 ਜੂਨ (ਰਾਜਿੰਦਰ ਸਿੰਘ ਥਿੰਦ) – ਹਲਕਾ ਸਨੌਰ ਦੇ ਪਿੰਡ ਬੱਤੀ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਸਿਆਸੀ ਅਤੇ ਸਮਾਜਿਕ ਹਲਚਲ ਤੇਜ਼ ਹੋ ਗਈ ਹੈ। ਇਸ ਮਾਮਲੇ ਨੇ ਉਸ ਸਮੇਂ ਹੋਰ ਵੀ ਤੂਲ ਫੜ ਲਿਆ ਜਦੋਂ ਘਟਨਾ ਨਾਲ ਸੰਬੰਧਤ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ਵਿੱਚ ਇੱਕ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਨਾਲ ਹੋਈ ਕੁੱਟਮਾਰ ਸਬੰਧੀ ਜਾਣਕਾਰੀ ਦਿੰਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਪਿੰਡ ਬੱਤੀ ਦੇ ਸਰਪੰਚ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜ਼ਮੀਨ ਸਬੰਧੀ ਮਾਮਲਾ ਪਿਛਲੇ 8 ਤੋਂ 9 ਮਹੀਨਿਆਂ ਤੋਂ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਉਹ ਸਨੌਰ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਵਿਵਾਦਤ ਜ਼ਮੀਨ ਵਿੱਚ ਦੂਜੀ ਧਿਰ ਵੱਲੋਂ ਮਿੱਟੀ ਦੀ ਪਟਾਈ ਕੀਤੀ ਜਾ ਰਹੀ ਸੀ। ਜਦੋਂ ਉਨ੍ਹਾਂ ਇਸ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ‘ਤੇ ਕਹੀ ਨਾਲ ਹਮਲਾ ਕੀਤਾ ਗਿਆ। ਸਰਪੰਚ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਤਾਂ ਦੂਜੀ ਧਿਰ ਵੱਲੋਂ ਉਨ੍ਹਾਂ ਨਾਲ ਵੀ ਮਾਰਕੁੱਟ ਕੀਤੀ ਗਈ ਅਤੇ ਕੱਪੜੇ ਤੱਕ ਪਾੜ ਦਿੱਤੇ ਗਏ ਦੂਜੇ ਪਾਸੇ, ਦੂਜੀ ਧਿਰ ਦੇ ਕਰੀਬੀ ਮਨਦੀਪ ਸਿੰਘ ਨੇ ਇਸ ਮਾਮਲੇ ‘ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜ਼ਮੀਨ ਸਬੰਧੀ ਮਾਮਲਾ ਕਾਫ਼ੀ ਸਮੇਂ ਤੋਂ ਅਦਾਲਤ ਵਿੱਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਜ਼ਮੀਨ ਦੀ ਲੈਵਲਿੰਗ ਦਾ ਕੰਮ ਕਰ ਰਹੇ ਸਨ, ਜਿਸ ਦੌਰਾਨ ਸਰਪੰਚ ਮੌਕੇ ‘ਤੇ ਪਹੁੰਚੇ ਅਤੇ ਤਕਰਾਰ ਸ਼ੁਰੂ ਹੋ ਗਈ। ਉਨ੍ਹਾਂ ਦੇ ਅਨੁਸਾਰ ਇਸ ਤੋਂ ਬਾਅਦ ਦੋਵੇਂ ਧਿਰਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ ਅਤੇ ਝਗੜਾ ਵੱਧ ਗਿਆ। ਇਸ ਮਾਮਲੇ ਸਬੰਧੀ ਥਾਣਾ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਆਪਸ ਵਿੱਚ ਚਾਚੇ-ਤਾਏ ਦੇ ਲੜਕੇ ਹਨ ਅਤੇ ਵਿਵਾਦ ਸਾਂਝੀ ਜ਼ਮੀਨ ਵਿੱਚੋਂ ਮਿੱਟੀ ਚੁੱਕਣ ਨੂੰ ਲੈ ਕੇ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਸਬੰਧੀ ਅਦਾਲਤੀ ਮਾਮਲੇ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਜ਼ਖ਼ਮੀ ਮੈਂਬਰ ਇਸ ਵੇਲੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਹਨ। ਡਾਕਟਰਾਂ ਦੀ ਰਿਪੋਰਟ ਅਤੇ ਮੈਡੀਕਲ ਰਾਏ ਪ੍ਰਾਪਤ ਹੋਣ ਤੋਂ ਬਾਅਦ ਹੀ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *