ਮਾਲੇਰਕੋਟਲਾ ਪੁਲਿਸ ਵਪਾਰੀਆਂ ਦੇ ਬਰੂਹਾਂ ’ਤੇ; ਸੁਰੱਖਿਅਤ ਅਤੇ ਭਰੋਸੇਮੰਦ ਮਾਹੌਲ ਲਈ ਵਚਨਬੱਧ

· ਐੱਸ.ਐੱਸ.ਪੀ. ਗੁਰਮੀਤ ਸਿੰਘ ਨੇ ਵਪਾਰੀਆਂ ਨਾਲ ਕੀਤੀ ਅਹਿਮ ਮੀਟਿੰਗ, ਸਮੱਸਿਆਵਾਂ ਦੇ ਹੱਲ ਦਾ ਦਿੱਤਾ ਭਰੋਸਾ
· ਵਪਾਰੀਆਂ ਅਤੇ ਪੁਲਿਸ ਵਿਚਕਾਰ ਮਜ਼ਬੂਤ ਤਾਲਮੇਲ ਹੀ ਸੁਰੱਖਿਅਤ ਅਤੇ ਵਿਕਾਸਸ਼ੀਲ ਵਪਾਰਕ ਮਾਹੌਲ
ਦੀ ਬੁਨਿਆਦ- ਆਜਮ ਦਾਰਾ
· ਪੁਲਿਸ ਅਤੇ ਵਪਾਰੀ ਭਾਈਚਾਰੇ ਵਿਚਕਾਰ ਤਾਲਮੇਲ ਹੋਰ ਮਜ਼ਬੂਤ ਹੋਵੇਗਾ-ਮੁਹਿੰਦਰ ਸਿੰਘ ਪੂਰੀ
ਮਾਲੇਰਕੋਟਲਾ, 02 ਜੂਨ : ( ਮੁਨਸ਼ੀ ਫ਼ਾਰੂਕ) – ਮਾਲੇਰਕੋਟਲਾ ਪੁਲਿਸ ਵੱਲੋਂ ਵਪਾਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਸ਼ਹਿਰ ਮਾਲੇਰਕੋਟਲਾ ਦੀ ਟਰੇਡਿੰਗ ਯੂਨੀਅਨ ਅਤੇ ਇਲੈਕਟ੍ਰਾਨਿਕ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਐੱਸ.ਐੱਸ.ਪੀ. ਮਾਲੇਰਕੋਟਲਾ ਗੁਰਮੀਤ ਸਿੰਘ ਨੇ ਕੀਤੀ, ਜਿਸ ਦੌਰਾਨ ਵਪਾਰੀਆਂ ਵੱਲੋਂ ਦਰਪੇਸ਼ ਸਮੱਸਿਆਵਾਂ, ਸੁਝਾਵਾਂ ਅਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਚੇਅਰਪਰਸਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਮਾਲੇਰਕੋਟਲਾ ਆਜਮ ਦਾਰਾ, ਚੇਅਰਪਰਸਨ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਇਮਤਿਆਜ ਅਲੀ, ਮੈਂਬਰ ਮੁਹੰਮਦ ਖਾਲਿਦ, ਯਾਸੀਨ ਜੋਸ਼, ਮੁਹੰਮਦ ਸ਼ਹਬਾਜ਼ ਮੁਹੰਮਦ ਜ਼ਾਹਿਦ, ਹੈਰਿਸ ਪਾਸੀ, ਮੁਹੰਮਦ ਸਾਦਿਕ, ਮੁਹੰਮਦ ਸੁਭਾਨ,ਡੀ.ਐਸ.ਪੀ. ਸੁਮੀਤ ਸੂਦ,ਐਸ.ਐਚ.ਓ ਸਿਟੀ-1 ਦਲਜੀਤ ਸਿੰਘ ਗਿੱਲ,ਹੈਪੀ ਗਰਗ,ਮਜੀਦ,ਸੁਰਿੰਦਰ ਸਿੰਘ,ਅਮਰੀਕ ਸਿੰਘ,ਚਤਰ ਸਿੰਘ,ਮਨਪ੍ਰੀਤ ਸਿੰਘ ਪਰੂਥੀ,ਅਰੁਣ ਕੁਮਾਰ, ਵਿਜੇ ਕੁਮਾਰ ਵੀ ਮੌਜੂਦ ਸਨ । ਇਸ ਮੌਕੇ ਐੱਸ.ਐੱਸ.ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਮਾਲੇਰਕੋਟਲਾ ਪੁਲਿਸ ਹਰ ਵਰਗ ਦੀ ਸਾਥੀ ਹੈ ਅਤੇ ਵਪਾਰੀਆਂ ਦੀ ਸੁਰੱਖਿਆ ਅਤੇ ਸੁਖਾਵੇਂ ਕਾਰੋਬਾਰੀ ਮਾਹੌਲ ਨੂੰ ਯਕੀਨੀ ਬਣਾਉਣਾ ਪੁਲਿਸ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਪਾਰੀਆਂ ਦੇ ਬਰੂਹਾਂ ਤੱਕ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਿਹਾ ਹੈ ਤਾਂ ਜੋ ਜ਼ਮੀਨੀ ਪੱਧਰ ’ਤੇ ਤੁਰੰਤ ਹੱਲ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਵਪਾਰੀਆਂ ਵੱਲੋਂ ਉਠਾਏ ਗਏ ਮੁੱਦਿਆਂ ’ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ। ਐੱਸ.ਐੱਸ.ਪੀ. ਨੇ ਕਿਹਾ ਕਿ ਬਾਜ਼ਾਰਾਂ ਅਤੇ ਵਪਾਰਕ ਖੇਤਰਾਂ ਵਿੱਚ ਪੁਲਿਸ ਗਸ਼ਤ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ ਅਤੇ ਕਾਨੂੰਨ-ਵਿਵਸਥਾ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ, ਤਾਂ ਜੋ ਵਪਾਰੀ ਭਾਈਚਾਰਾ ਬਿਨਾਂ ਕਿਸੇ ਡਰ ਜਾਂ ਚਿੰਤਾ ਦੇ ਆਪਣਾ ਕਾਰੋਬਾਰ ਕਰ ਸਕੇ। ਚੇਅਰਪਰਸਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਮਾਲੇਰਕੋਟਲਾ ਆਜਮ ਦਾਰਾ ਨੇ ਮਾਲੇਰਕੋਟਲਾ ਪੁਲਿਸ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਪਾਰੀਆਂ ਅਤੇ ਪੁਲਿਸ ਵਿਚਕਾਰ ਮਜ਼ਬੂਤ ਤਾਲਮੇਲ ਹੀ ਸੁਰੱਖਿਅਤ ਅਤੇ ਵਿਕਾਸਸ਼ੀਲ ਵਪਾਰਕ ਮਾਹੌਲ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮਾਲੇਰਕੋਟਲਾ ਪੁਲਿਸ ਵਪਾਰੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਮੀਟਿੰਗਾਂ ਨਾਲ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਸੰਭਵ ਹੋਵੇਗਾ ਅਤੇ ਆਪਸੀ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ ਇਲੈਕਟ੍ਰਾਨਿਕ ਐਸੋਸੀਏਸ਼ਨ ਦੇ ਪ੍ਰਧਾਨ ਮੁਹਿੰਦਰ ਸਿੰਘ ਪਰੂਥੀ ਨੇ ਮਾਲੇਰਕੋਟਲਾ ਪੁਲਿਸ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਅਤੇ ਵਪਾਰੀਆਂ ਵਿਚਕਾਰ ਸਿੱਧੀ ਗੱਲਬਾਤ ਆਪਸੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਭਰੋਸਾ ਦੇਣਾ ਇਕ ਸਕਾਰਾਤਮਕ ਕਦਮ ਹੈ, ਜਿਸ ਨਾਲ ਵਪਾਰੀ ਭਾਈਚਾਰੇ ਵਿੱਚ ਸੁਰੱਖਿਆ ਅਤੇ ਵਿਸ਼ਵਾਸ ਦੀ ਭਾਵਨਾ ਹੋਰ ਮਜ਼ਬੂਤ ਹੋਈ ਹੈ। ਮੀਟਿੰਗ ਦੌਰਾਨ ਟਰੇਡਿੰਗ ਯੂਨੀਅਨ, ਇਲੈਕਟ੍ਰਾਨਿਕ ਐਸੋਸੀਏਸ਼ਨ ਅਤੇ ਹੋਰ ਵਪਾਰਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
