ਸਰਕਾਰੀ ਹਾਈ ਸਕੂਲ ਦੁਮਣਾ ਦੇ ਹੋਣਹਾਰ ਵਿਦਿਆਰਥੀ ਨਕਦ ਇਨਾਮ ਨਾਲ ਸਨਮਾਨਿਤ

ਮੋਰਿੰਡਾ, (ਮਜ਼ੀਦ ਖਾਨ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਰਕਾਰੀ ਹਾਈ ਸਕੂਲ ਦੁਮਣਾ ਦੇ ਵਿਦਿਆਰਥੀਆਂ ਨੂੰ ਅੱਜ ਵਿਸ਼ੇਸ਼ ਸਮਾਗਮ ‘ਚ ਸਨਮਾਨਿਤ ਕੀਤਾ ਗਿਆ। ਸਾਬਕਾ ਐਸਜੀਪੀਸੀ ਮੈਂਬਰ ਜਥੇਦਾਰ ਹਰਬੰਸ ਸਿੰਘ ਕੰਧੋਲਾ ਨੇ ਸਕੂਲ ਪਹੁੰਚ ਕੇ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਕੰਧੋਲਾ ਨੇ ਕਿਹਾ, ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ, ਭਾਵੇਂ ਸਾਨੂੰ ਇੱਕ ਡੰਗ ਰੋਟੀ ਹੀ ਕਿਉਂ ਨਾ ਖਾਣੀ ਪਵੇ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਵਿਦਿਆਰਥੀਆਂ ਨੂੰ ਗੋਦ ਲੈ ਕੇ ਦੇਸ਼ ਦੇ ਭਵਿੱਖ ਨੂੰ ਰੌਸ਼ਨ ਬਣਾਉਣ ‘ਚ ਯੋਗਦਾਨ ਪਾਉਣ। ਸਕੂਲ ਮੁਖੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਸਾਬਕਾ ਸਰਪੰਚ ਗੁਰਦੇਵ ਸਿੰਘ ਵੱਲੋਂ ਸਕੂਲ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਗਈ। ਸਮਾਗਮ ‘ਚ ਪਿੰਡ ਦੀ ਸਰਪੰਚ ਮਨਜੀਤ ਕੌਰ, ਸਮੂਹ ਸਕੂਲ ਸਟਾਫ਼, ਸੋਹਣ ਸਿੰਘ ਦੁਮਣਾ, ਸੁਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ।
