ਵਿਸ਼ਵ ਸਾਈਕਲ ਦਿਵਸ ਮੌਕੇ ਪਟਿਆਲਾ ਵਿਖੇ ਅਸਮਿਤਾ ਖੇਲੋ ਇੰਡੀਆ ਵੂਮੈਨ ਸਿਟੀ ਲੀਗ ਅਤੇ ਵਿਸ਼ਾਲ ਸਾਈਕਲ ਰੈਲੀ

0

ਪਟਿਆਲਾ, (ਰਾਜਿੰਦਰ ਸਿੰਘ ਥਿੰਦ)ਵਿਸ਼ਵ ਸਾਈਕਲ ਦਿਵਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਪਟਿਆਲਾ ਦੇ ਸਹਿਯੋਗ ਨਾਲ ਪਟਿਆਲਾ ਵਿਖੇ ਅਸਮਿਤਾ ਖੇਲੋ ਇੰਡੀਆ ਵੂਮੈਨ ਸਿਟੀ ਲੀਗ ਅਤੇ ਵਿਸ਼ਾਲ ਸਾਈਕਲ ਰੈਲੀ ਕਰਵਾਈ ਗਈ। ਇਸ ਸਮਾਗਮ ਦਾ ਉਦੇਸ਼ ਮਹਿਲਾਵਾਂ ਨੂੰ ਖੇਡਾਂ ਰਾਹੀਂ ਸਸ਼ਕਤ ਬਣਾਉਣਾ, ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਸਾਈਕਲਿੰਗ ਨੂੰ ਸਿਹਤਮੰਦ ਅਤੇ ਵਾਤਾਵਰਣ ਪੱਖੀ ਜੀਵਨ ਸ਼ੈਲੀ ਵਜੋਂ ਪ੍ਰਫੁੱਲਤ ਕਰਨਾ ਸੀ।ਇਹ ਸਮਾਗਮ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਸਪੋਰਟਸ ਅਥਾਰਟੀ ਆਫ ਇੰਡੀਆ, ਫਿੱਟ ਇੰਡੀਆ ਅਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ “ਖੇਲ ਸੇ ਹੀ ਹੈ ਪਹਿਚਾਨ” ਮੁਹਿੰਮ ਤਹਿਤ ਕਰਵਾਇਆ ਗਿਆ।ਸਮਾਗਮ ਦੇ ਮੁੱਖ ਮਹਿਮਾਨ ਦ੍ਰੋਣਾਚਾਰਿਆ ਐਵਾਰਡੀ ਕੋਚ ਗੁਰਬਖਸ਼ ਸਿੰਘ ਅਤੇ ਪਦਮਸ਼੍ਰੀ ਤੇ ਅਰਜੁਨ ਐਵਾਰਡੀ ਹਰਵਿੰਦਰ ਸਿੰਘ ਸਨ। ਇਸ ਮੌਕੇ ਦ੍ਰੋਣਾਚਾਰਿਆ ਐਵਾਰਡੀ ਗੁਰਬਖਸ਼ ਸਿੰਘ ਨੇ ਕਿਹਾ, “ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹਨ। ਅਸਮਿਤਾ ਖੇਲੋ ਇੰਡੀਆ ਵਰਗੀਆਂ ਪਹਿਲਕਦਮੀਆਂ ਮਹਿਲਾ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਰਾਸ਼ਟਰੀ ਪੱਧਰ ‘ਤੇ ਅੱਗੇ ਵਧਣ ਲਈ ਬੇਹਤਰੀਨ ਮੌਕੇ ਪ੍ਰਦਾਨ ਕਰਦੀਆਂ ਹਨ। ਪੰਜਾਬ ਦੀਆਂ ਧੀਆਂ ਸਾਈਕਲਿੰਗ ਸਮੇਤ ਹਰ ਖੇਡ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ।”ਪਦਮਸ਼੍ਰੀ ਅਤੇ ਅਰਜੁਨ ਐਵਾਰਡੀ ਹਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਸਾਈਕਲਿੰਗ ਸਿਰਫ਼ ਇੱਕ ਖੇਡ ਹੀ ਨਹੀਂ, ਸਗੋਂ ਸਿਹਤਮੰਦ ਅਤੇ ਵਾਤਾਵਰਣ ਪੱਖੀ ਜੀਵਨ ਸ਼ੈਲੀ ਦਾ ਪ੍ਰਤੀਕ ਵੀ ਹੈ। ਵਿਸ਼ਵ ਸਾਈਕਲ ਦਿਵਸ ਮੌਕੇ ਕਰਵਾਏ ਗਏ ਇਸ ਸਮਾਗਮ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਦੀ ਵੱਡੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਪੰਜਾਬ ਵਿੱਚ ਖੇਡਾਂ ਪ੍ਰਤੀ ਜਾਗਰੂਕਤਾ ਅਤੇ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ। ਮੈਂ ਜੇਤੂ ਖਿਡਾਰਣਾਂ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਦੇਸ਼ ਲਈ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰਨਗੀਆਂ।”

ਸਵੇਰੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ.ਆਈ.ਐਸ.) ਦੇ ਮੁੱਖ ਗੇਟ ਨੇੜੇ ਸਥਿਤ ਹੋਟਲ ਰੈੱਡ ਚਿੱਲੀ ਤੋਂ ਵਿਸ਼ਾਲ ਸਾਈਕਲ ਰੈਲੀ ਨੂੰ ਰਵਾਨਾ ਕੀਤਾ ਗਿਆ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਾਈਕਲਿੰਗ ਪ੍ਰੇਮੀਆਂ, ਖਿਡਾਰੀਆਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੇ ਹਿੱਸਾ ਲਿਆ। ਇਹ ਰੈਲੀ ਫੁਹਾਰਾ ਚੌਂਕ ਤਕ ਕੱਢੀ ਗਈ, ਜਿਸ ਰਾਹੀਂ ਲੋਕਾਂ ਨੂੰ ਫਿਟਨੈੱਸ, ਸਿਹਤਮੰਦ ਜੀਵਨ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਉਪਰੰਤ ਅਸਮਿਤਾ ਖੇਲੋ ਇੰਡੀਆ ਵੁਮਨ ਲੀਗ ਦੇ ਮੁਕਾਬਲੇ ਕਰਵਾਏ ਗਏ। 

ਉਪਰੰਤ ਦੋਵਾਂ ਮੁੱਖ ਮਹਿਮਾਨਾਂ ਨੇ ਜੇਤੂ ਖਿਡਾਰਣਾਂ ਨੂੰ ਮੈਡਲ ਅਤੇ ਪ੍ਰਮਾਣ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਖੇਡਾਂ ਵਿੱਚ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਅਸਮੀਤਾ ਖੇਲੋ ਇੰਡੀਆ ਵੂਮੈਨ ਸਿਟੀ ਲੀਗ ਦੇ ਵੱਖ-ਵੱਖ ਵਰਗਾਂ ਵਿੱਚ ਹੋਏ ਮੁਕਾਬਲਿਆਂ ਵਿੱਚ ਮਹਿਲਾ ਸਾਈਕਲਿਸਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਸਬ-ਜੂਨੀਅਰ ਵਰਗ ਵਿੱਚ ਗੁਨਤਾਸ ਸੰਧੂ ਨੇ ਸੋਨ ਤਗਮਾ, ਦੀਕਸ਼ਾ ਨੇ ਚਾਂਦੀ ਤਗਮਾ ਅਤੇ ਪ੍ਰਿਯੰਕਾ ਨੇ ਕਾਂਸੀ ਤਗਮਾ ਜਿੱਤਿਆ। ਜੂਨੀਅਰ ਵਰਗ ਵਿੱਚ ਰੁਕਮਣੀ ਨੇ ਸੋਨ ਤਗਮਾ, ਸੋਮਿਆ ਨੇ ਚਾਂਦੀ ਤਗਮਾ ਅਤੇ ਇਸ਼ਰੀਤ ਨੇ ਕਾਂਸੀ ਤਗਮਾ ਹਾਸਲ ਕੀਤਾ। ਐਲੀਟ ਵਰਗ ਵਿੱਚ ਅਰਚਨਾ ਪੰਜਰਾਥ ਨੇ ਸੋਨ ਤਗਮਾ, ਰਜਨੀ ਕਸ਼ਯਪ ਨੇ ਚਾਂਦੀ ਤਗਮਾ ਅਤੇ ਅਰਵਿੰਦਰ ਕੌਰ ਨੇ ਕਾਂਸੀ ਤਗਮਾ ਜਿੱਤਿਆ।

ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਜੇਤੂ ਖਿਡਾਰਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ

ਪੰਜਾਬ ਦੀ ਸਾਈਕਲਿੰਗ ਦੁਨੀਆਂ ਵਿੱਚ ਚਮਕਾਵਾਂਗੇ ਅਤੇ ਪਿਛਲੇ 30 ਸਾਲ ਜਿੰਨਾ ਕੰਮ ਇੱਕ ਸਾਲ ਵਿੱਚ ਕਰਾਂਗੇ। ਅਸਮਿਤਾ ਖੇਲੋ ਇੰਡੀਆ ਵੂਮੈਨ ਸਿਟੀ ਲੀਗ ਮਹਿਲਾ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਈਕਲਿੰਗ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਨਵੀਂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਐਸੋਸੀਏਸ਼ਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਾਈਕਲਿੰਗ ਈਵੈਂਟ ਨੂੰ ਕਰਵਾਉਣ ਵਿੱਚ ਦਿਲਸ਼ਾਨ ਸਿੰਘ ਸਿੱਧੂ ਪਟਿਆਲਾ ਹਾਰਟ ਇੰਸਟੀਚਿਊਟ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ।

ਇਸ ਮੌਕੇ ਸੁਰਿੰਦਰ ਸਿੰਘ ਅੰਤਰਰਾਸ਼ਟਰੀ ਆਰਚਰੀ ਕੋਚ, ਸੁਖਜਿੰਦਰ ਸਿੰਘ, ਐੱਸ ਪੀ ਸਿੰਘ, ਪ੍ਰਣਨਾਮ ਸਿੰਘ ਬਰਾੜ ਡਾਇਰੈਕਟਰ ਸਪੋਰਟਸ ਰਿਮਟ ਮੰਡੀ ਗੋਬਿੰਦਗੜ੍ਹ, ਸਰਪ੍ਰੀਤ ਸਿੰਘ, ਮਨੀਸ਼ ਸਾਹਨੀ, ਸੁਖਬੀਰ ਸਿੰਘ ਆਈਆਰਟੀਐਸ ਪ੍ਰਿੰਸੀਪਲ ਜੀਐਮ ਬੀਐਸਐਨਐਲ ਪਟਿਆਲਾ, ਨੀਰਜ ਸਾਹਨੀ, ਰਾਜ ਕੁਮਾਰ, ਰਜੇਸ਼ ਕੁਮਾਰ, ਗੁਰਪ੍ਰੀਤ ਕੌਰ ਸਾਈਕਲਿੰਗ ਕੋਚ, ਸੰਦੀਪ ਕੌਰ ,ਸਾਈਕਲਿੰਗ ਕੋਚ ਹਰਪ੍ਰੀਤ ਕੌਰ, ਡਾ ਰੀਤੂ, ਨਾਗੇਸ਼ ਗੁਪਤਾ ਮੈਸਰਜ਼ ਬਿਜਵਰਸ ਵਰਲਡ ਪਟਿਆਲਾ, ਗ੍ਰੀਨ ਬਾਈਕਰ, ਫ੍ਰੈਂਡਜ਼ ਔਨ ਵ੍ਹੀਲਜ਼, ਰਾਇਲ ਪਟਿਆਲਾ ਰਾਈਡਰਜ਼, ਪਟਿਆਲਾ ਰੋਡੀਜ਼, ਫ੍ਰੈਂਡਜ਼ ਆਫ਼ ਇਨਵਾਇਰਮੈਂਟ ਸਾਈਕਲਿੰਗ ਗਰੁੱਪ, ਬਰਾਦਰੀ ਆਈਡੀਅਲਜ਼, ਟੂਰ ਦੀ ਪਟਿਆਲਾ, ਭਾਰਤ ਵਿਕਾਸ ਪ੍ਰੀਸ਼ਦ, ਹਿਮਾਲੀਅਨ ਸਾਈਕਲਿੰਗ ਗਰੁੱਪ ਤੋਂ ਇਲਾਵਾ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਭਾਗੀਦਾਰਾਂ, ਕੋਚਾਂ, ਅਧਿਕਾਰੀਆਂ, ਵਲੰਟੀਅਰਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦਾ ਧੰਨਵਾਦ ਵੀ ਕੀਤਾ ਗਿਆ।

Leave a Reply

Your email address will not be published. Required fields are marked *