ਮਾਨ ਸਰਕਾਰ ‘ਚ 120 ਸਕੂਲ ਬੰਦ ਕੀਤੇ ਗਏ, 44 ਫ਼ੀਸਦੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲ ਹੀ ਨਹੀਂ : ਐਨ ਕੇ ਸ਼ਰਮਾ

ਕਿਹਾ ਕਿ ਆਪ ਸਰਕਾਰ ਦੇ ਅਧੀਨ ਸਿੱਖਿਆ ਖੇਤਰ ਦਾ ਹੋਇਆ ਸਭ ਤੋਂ ਮਾੜਾ ਹਾਲ

ਚੰਡੀਗੜ੍ਹ, 26 ਫਰਵਰੀ (ਦੁਰਗੇਸ਼ ਗਾਜਰੀ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਵਪਾਰ ਵਿੰਗ ਦੇ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਹੈ ਕਿ ਉਹ ਦੱਸਣ ਕਿ ਉਹਨਾਂ ਦੀ ਸਰਕਾਰ ਵਿਚ ਸਕੂਲਾਂ ਨੂੰ ਮੁੜ ਪੇਂਟ ਕਰਨ ਤੋਂ ਇਲਾਵਾ ਤੇ ਇਹਨਾਂ ਦਾ ਨਾਮ ਬਦਲਣ ਤੋਂ ਇਲਾਵਾ ਸਕੂਲ ਸਿੱਖਿਆ ਖੇਤਰ ਵਿਚ ਹੋਰ ਕਿਹੜਾ ਕੰਮ ਹੋਇਆ ਹੈ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਅਧੀਨ ਸਿੱਖਿਆ ਖੇਤਰ ਦੀ ਕਾਰਗੁਜ਼ਾਰੀ ਹੁਣ ਤੱਕ ਸਭ ਤੋਂ ਨੀਵੇਂ ਪੱਧਰ ਦੀ ਰਹੀ ਹੈ। ਮੁੱਖ ਮੰਤਰੀ ਵੱਲੋਂ ਝੂਠ ਬੋਲਣ ਤੇ ਇਹ ਦਾਅਵਾ ਕਰਨ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸਕੂਲ ਸਿੱਖਿਆ ਨੂੰ ਅਣਗੋਲਿਆ ਕੀਤਾ ਗਿਆ, ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਅਸਲੀਅਤ ਇਸ ਤੋਂ ਉਲਟ ਹੈ। ਇਸ ਝੂਠ ਨੂੰ ਬੇਨਕਾਬ ਕਰਨ ਵਾਸਤੇ ਅੰਕੜੇ ਜਾਰੀ ਕਰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹਰ 27 ਵਿਦਿਆਰਥੀਆਂ ਪਿੱਛੇ ਇਕ ਅਧਿਆਪਕ ਸੀ ਜਦੋਂ ਆਪ ਸਰਕਾਰ ਵਿਚ ਇਹ ਅਨੁਪਾਤ 47 ਵਿਦਿਆਰਥੀਆਂ ਪਿੱਛੇ ਇਕ ਅਧਿਆਪਕ ਦਾ ਹੋ ਗਿਆ। ਉਨਾਂ ਕਿਹਾ ਕਿ ਆਪ ਸਰਕਾਰ ਵੇਲੇ ਕੋਈ ਵੀ ਨਵਾਂ ਸਕੂਲ ਨਹੀਂ ਬਣ ਸਕਿਆ ਤੇ ਸਕੂਲਾਂ ਵਿਚ ਵਿਦਿਆਰਥੀਆਂ ਵੱਲੋਂ ਸਿੱਖਿਆਂ ਦੀ ਦਰ ਵੀ 80 ਹਜ਼ਾਰ ਵਿਦਿਆਰਥੀਆਂ ’ਤੇ ਪਹੁੰਚ ਗਈ। ਉਨਾਂ ਕਿਹਾ ਕਿ 2431 ਸਕੂਲਾਂ ਵਿਚ ਸਿਰਫ ਇਕ ਅਧਿਆਪਕ ਹੈ ਤੇ ਸੂਬੇ ਦੇ 20 ਫੀਸਦੀ ਸਕੂਲਾਂ ਵਿਚ ਸਿਰਫ 30 ਵਿਦਿਆਰਥੀ ਹੀ ਬਾਕੀ ਰਹਿ ਗਏ ਹਨ। ਵਪਾਰ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ 120 ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ 44 ਫੀਸਦੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲ ਹੀ ਨਹੀਂ ਹਨ। ਉਹਨਾਂ ਕਿਹਾ ਕਿ ਬਲਾਕ ਪੱਧਰ ’ਤੇ 50 ਫੀਸਦੀ ਸਕੂਲਾਂ ਵਿਚ ਪ੍ਰਿੰਸੀਪਲ ਹੀ ਨਹੀਂ ਹਨ। ਸ੍ਰੀ ਐਨ ਕੇ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬੀਆਂ ਵਿਦਿਆਰਥੀਆਂ ਨੂੰ ਅਨਪੜ੍ਹ ਬਣਾਉਣ ਵਾਸਤੇ ਇਕ ਵਿਆਪਕ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਕੂਲਾਂ ਵਿਚ ਸਟਾਫ ਦੀ ਭਰਤੀ ਦੇ ਮਾਮਲੇ ਵਿਚ ਅਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੇ ਮਾਮਲੇ ਵਿਚ ਵੀ ਕੱਖ ਨਹੀਂ ਕੀਤਾ ਗਿਆ।ਅਕਾਲੀ ਆਗੂ ਨੇ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਦੇ ਮੁਕਾਬਲੇ ਸਕੂਲ ਸਿੱਖਿਆ ਵਿਚ ਪੰਜਾਬ ਨੇ 14 ਤੋਂ ਵੱਧ ਕੇ ਤੀਜਾ ਸਥਾਨ ਹਾਸਲ ਕੀਤਾ। ਉਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋਇਆ ਕਿਉਂਕਿ ਅਕਾਲੀ ਦਲ ਦੀ ਸਰਕਾਰ ਵੇਲੇ 80 ਹਜ਼ਾਰ ਅਧਿਆਪਕ ਭਰਤੀ ਕੀਤੇ ਗਏ, ਮੈਰੀਟੋਰੀਅਸ ਸਕੂਲ ਸਥਾਪਿਤ ਕੀਤੇ ਗਏ, 3367 ਨਵੇਂ ਸਕੂਲ ਸਥਾਪਿਤ ਕੀਤੇ ਗਏ ਤੇ ਵਿਦਿਆਰਥੀਆਂ ਵੱਲੋਂ ਸਕੂਲ ਛੱਡਣ ਦੀ ਦਰ ਘਟੀ। ਉਨਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਮਾਈ ਭਾਗੋ ਸੈਂਟਰ ਵਰਗੇ ਲੜਕੇ ਤੇ ਲੜਕੀਆਂ ਲਈ ਆਰਮਡ ਪ੍ਰੀਪਰੇਟਰੀ ਸੈਂਟਰਾਂ ਤੋਂ ਲਾਭ ਮਿਲਿਆ ਜਿਸਦੀ ਬਦੌਲਤ ਅਨੇਕਾਂ ਵਿਦਿਆਰਥੀ ਸਾਡੀਆਂ ਹਥਿਆਰਬੰਦ ਫੌਜਾਂ ਵਾਸਤੇ ਚੁਣੇ ਗਏ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਐਸ ਸੀ ਸਕਾਲਰਸ਼ਿਪ ਸਕੀਮ ਦਾ ਵੀ ਲਾਭ ਮਿਲਿਆ ਅਤੇ ਲੜਕੀਆਂ ਨੂੰ 4.82 ਲੱਖ ਸਾਈਕਲਾਂ ਵੀ ਵੰਡੀਆਂ ਗਈਆਂ। ਸ੍ਰੀ ਸ਼ਰਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣਾ ਯਾਦਦਾਸ਼ਤ ਤੇਜ਼ ਕਰਨ ਅਤੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਨੇ 13 ਨਵੀਂਆਂ ਯੂਨੀਵਰਸਿਟੀਆਂ, ਇਕ ਆਈਆਈਟੀ ਅਤੇ ਆਈਆਈਐਮ ਤੋਂ ਇਲਾਵਾ ਨੈਨੋਟੈਕਨਾਲਜੀ ਇੰਸਟੀਚਿਊਟ ਅਤੇ ਐਨਏਬੀਆਈ ਸੰਸਥਾ ਸਥਾਪਿਤ ਕੀਤੀ। ਉਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ 297 ਹੁਨਰ ਸਿੱਖਲਾਈ ਕੇਂਦਰ ਵੀ ਸਥਾਪਿਤ ਕੀਤੇ।
