ਕਿਤੇ ਸੁਖਬੀਰ ਨੂੰ ਤਨਖ਼ਾਹੀਆ ਕਰਾਰ ਦੇਣ ਬਦਲੇ ਤਾਂ ਨਹੀਂ ਮਿਲੀ ਇਹ ਕੋਠੀ!!!


ਗਿਆਨੀ ਰਘਬੀਰ ਸਿੰਘ ਵਲੋਂ ਨਵੀਂ-ਨਵੀਂ ਖ਼ਰੀਦੀ ਆਲੀਸ਼ਾਨ ਕੋਠੀ ਚਰਚਾ ਵਿਚ ਆਈ

(ਚਰਨਜੀਤ ਸਿੰਘ)
ਅੰਮ੍ਰਿਤਸਰ, 9 ਜੁਲਾਈ : ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਮੁੱਖ ਗ੍ਰੰਥੀ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅੰਮ੍ਰਿਤਸਰ ਸ਼ਹਿਰ ਦੇ ਮਹਿੰਗੇ ਇਲਾਕੇ ਵਿਚ ਖ਼ਰੀਦੀ ਬੇਸ਼ਕੀਮਤੀ ਕੋਠੀ ਅੱਜ ਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁੱਝ ਲੋਕ ਇਸ ਕੋਠੀ ਦੀ ਖ਼ਰੀਦ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਕਰਦੇ ਸੁਣੇ ਜਾ ਰਹੇ ਹਨ। ਪੰਥਕ ਹਲਕਿਆਂ ਵਿਚ ਚਰਚਾ ਹੈ ਕਿ 30 ਅਗੱਸਤ, 2024 ਨੂੰ ਗਿਆਨੀ ਰਘਬੀਰ ਸਿੰਘ ਨੇ ਜਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦੇ ਦਿਤਾ ਸੀ, ਤੋਂ ਕੁੱਝ ਦਿਨ ਬਾਅਦ ਹੀ ਸ਼ਹਿਰ ਦੇ ਮਹਿੰਗੇ ਇਲਾਕੇ ਵਿਚ ਇਕ ਆਲੀਸ਼ਾਨ ਕੋਠੀ ਦੀ ਖ਼ਰੀਦ ਕਰ ਲਈ ਸੀ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ 10 ਫ਼ਰਵਰੀ, 2024 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਉਸ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਤੇ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਅਹੁਦਿਆਂ ਤੋਂ ਹਟਾ ਕੇ ਨਵੇਂ ਜਥੇਦਾਰ ਨਿਯੁਕਤ ਕਰ ਦਿਤੇ ਸਨ। ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਤਾਂ ਖਾਲੀ ਹੱਥ ਪਰਤ ਗਏ ਪਰ ਗਿਆਨੀ ਰਘਬੀਰ ਸਿੰਘ ਨੇ ਇਸ ਸਮੇਂ ਦੌਰਾਨ ਦੇਸ਼ ਵਿਦੇਸ਼ ਵਿਚ ਵੱਡੀਆਂ ਮੱਲਾਂ ਮਾਰੀਆਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਇਕ ਨਾਮੀ ਤੇ ਬੇਸ਼ਕੀਮਤੀ ਇਲਾਕੇ ਵਿਚ ਆਲੀਸ਼ਾਨ ਕੋਠੀ ਦੀ ਵੀ ਖ਼ਰੀਦ ਲਈ ਸੀ। ਅਗਲੇਰੇ ਦਿਨਾਂ ਵਿਚ ਕੋਠੀ ਦੇ ਹੋਰ ਵੀ ਨਵੇਂ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ।
