ਪੰਜਾਬ-ਹਰਿਆਣਾ ਵਿਚ 12 ਜਾਅਲੀ ਵਿਆਹ ਕਰਵਾਉਣ ਵਾਲਾ ਮਾਸਟਰ ਮਾਈਂਡ ਫੜਿਆ ਗਿਆ


ਚੰਡੀਗੜ੍ਹ, 3 ਜੂਨ (ਨਿਊਜ਼਼ ਟਾਊਨ ਨੈਟਵਰਕ) : ਜਾਅਲੀ ਵਿਆਹ ਕਰਵਾਉਣ ਦੇ ਦੋਸ਼ ਵਿਚ ਫੜੇ ਗਏ ਮਾਸਟਰ ਮਾਈਂਡ ਰੇਸ਼ਮ ਸਿੰਘ ਦਾ ਨੈੱਟਵਰਕ ਪੰਜਾਬ ਅਤੇ ਰਾਜਸਥਾਨ ਤਕ ਫੈਲਿਆ ਹੋਇਆ ਹੈ। ਪੁਲਿਸ ਨੇ ਪ੍ਰਗਟਾਵਾ ਕੀਤਾ ਹੈ ਕਿ ਮੁਲਜ਼ਮ 10 ਹਜ਼ਾਰ ਰੁਪਏ ਵਿਚ ਲਾੜੀਆਂ ਲਿਆਉਂਦਾ ਸੀ, ਮੁੰਡੇ ਦੇ ਪਰਵਾਰ ਤੋਂ ਲੱਖਾਂ ਰੁਪਏ ਲੈਂਦਾ ਸੀ ਅਤੇ ਵਿਆਹ ਕਰਵਾ ਦਿੰਦਾ ਸੀ। ਉਹ ਫ਼ਰਜ਼ੀ ਮਾਪਿਆਂ ਦਾ ਵੀ ਪ੍ਰਬੰਧ ਕਰਦਾ ਸੀ। ਹਰਿਆਣਾ ਦੇ ਸਿਰਸਾ ਵਿਚ ਉਹ ਪੁਲਿਸ ਦੇ ਅੜਿੱਕੇ ਆ ਗਿਆ। ਉਸ ਨੇ ਅਜਿਹੇ 12 ਵਿਆਹ ਕਰਵਾਏ ਹਨ ਅਤੇ ਸਾਰੀਆਂ ਲਾੜੀਆਂ ਇਕ ਹਫ਼ਤੇ ਦੇ ਅੰਦਰ ਗਹਿਣੇ ਲੈ ਕੇ ਭੱਜ ਗਈਆਂ। 1 ਮਈ ਨੂੰ ਇਸ ਗਿਰੋਹ ਨੂੰ ਰਾਜਸਥਾਨ ਦੀ ਬੀਕਾਨੇਰ ਪੁਲਿਸ ਨੇ ਡੱਬਵਾਲੀ ਵਿਚ ਡੇਰਾ ਸੱਚਾ ਸੌਦਾ ਕੰਟੀਨ ਵਿਚ ਫ਼ਰਜ਼ੀ ਵਿਆਹ ਕਰਵਾਉਂਦੇ ਹੋਏ ਫੜ ਲਿਆ। ਇਸ ਤੋਂ ਬਾਅਦ ਇਸ ਮਾਮਲੇ ਵਿਚ ਇਕ ਤੋਂ ਬਾਅਦ ਇਕ ਹੈਰਾਨ ਕਰਨ ਵਾਲੇ ਪ੍ਰਗਟਾਵੇ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਲਾੜੀ ਬਣਨ ਵਾਲੀ ਲੜਕੀ ਤੋਂ ਲੈ ਕੇ ਉਸ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਦਿਹਾੜੀ ‘ਤੇ ਲਿਆਂਦਾ ਗਿਆ ਸੀ। ਹਰ ਕਿਸੇ ਦੀ ਕੀਮਤ ਉਨ੍ਹਾਂ ਦੀ ਭੂਮਿਕਾ ਅਨੁਸਾਰ ਤੈਅ ਕੀਤੀ ਗਈ ਸੀ। ਪੁਲਿਸ ਅਨੁਸਾਰ ਰੇਸ਼ਮ ਸਿੰਘ ਜਾਅਲੀ ਵਿਆਹ ਕਰਨ ਵਾਲੇ ਗਿਰੋਹ ਦਾ ਸਰਗਨਾ ਹੈ। ਉਸ ਦੀ ਪਤਨੀ ਵੀ ਇਸ ਵਿਚ ਸ਼ਾਮਲ ਹੈ। ਰੇਸ਼ਮ ਸਿੰਘ ਦੀ ਟੀਮ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਫੈਲੀ ਹੋਈ ਹੈ। ਇਸ ਦਾ ਪਹਿਲਾ ਕੰਮ ਰੇਸ਼ਮ ਸਿੰਘ ਲਈ ਸ਼ਿਕਾਰ ਲੱਭਣਾ ਸੀ। ਗੈਂਗ ਦੇ ਮੈਂਬਰ ਪਿੰਡਾਂ ਵਿਚ ਜਾਂਦੇ ਸਨ ਅਤੇ ਅਜਿਹੇ ਮੁੰਡਿਆਂ ਨੂੰ ਲਭਦੇ ਸਨ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਸੀ। ਉਨ੍ਹਾਂ ਵਿਚੋਂ ਮੁੱਖ ਅਪਾਹਜ ਅਤੇ ਜ਼ਿਆਦਾ ਉਮਰ ਦੇ ਲੋਕ ਸਨ। ਉਨ੍ਹਾਂ ਦਾ ਪਤਾ ਰੇਸ਼ਮ ਸਿੰਘ ਨੂੰ ਦਿਤਾ ਜਾਂਦਾ ਸੀ। ਇਸ ਤੋਂ ਬਾਅਦ ਮਾਸਟਰ ਮਾਈਂਡ ਨੇ ਖੁਦ ਅਜਿਹੇ ਮੁੰਡਿਆਂ ਦੇ ਪਰਵਾਰਾਂ ਨਾਲ ਸੰਪਰਕ ਕਰਦਾ ਅਤੇ ਉਨ੍ਹਾਂ ਨੂੰ ਵਿਆਹ ਕਰਵਾਉਣ ਲਈ ਰਾਜ਼ੀ ਕਰਦਾ ਸੀ। ਪੁਲਿਸ ਅਤੇ ਧੋਖਾਧੜੀ ਦਾ ਸ਼ਿਕਾਰ ਹੋਏ ਲਾੜਿਆਂ ਅਨੁਸਾਰ ਰੇਸ਼ਮ ਸਿੰਘ ਪਹਿਲਾਂ ਪੈਸਿਆਂ ਦਾ ਸੌਦਾ ਤੈਅ ਕਰਦਾ ਸੀ। ਪਾਰਟੀ ਦੇਖਣ ਤੋਂ ਬਾਅਦ 5 ਤੋਂ 6 ਲੱਖ ਵਿਚ ਗੱਲਬਾਤ ਸ਼ੁਰੂ ਹੁੰਦੀ ਸੀ ਅਤੇ 2 ਤੋਂ 3 ਲੱਖ ਰੁਪਏ ਵਿਚ ਸੌਦਾ ਫ਼ਾਈਨਲ ਹੁੰਦਾ ਸੀ। ਸਾਰੇ ਖ਼ਰਚੇ ਦੇਖਣ ਤੋਂ ਬਾਅਦ ਰੇਸ਼ਮ ਸਿੰਘ ਲੜਕੀ ਅਤੇ ਰਿਸ਼ਤੇਦਾਰਾਂ ਦਾ 10 ਤੋਂ 20 ਹਜ਼ਾਰ ਰੁਪਏ ਵਿਚ ਪ੍ਰਬੰਧ ਕਰਦਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਲੜਕੀ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਲਾੜੀ ਬਣਨ ਲਈ ਮਨਾਉਣ ਤੋਂ ਬਾਅਦ, ਉਨ੍ਹਾਂ ਦੇ ਜਾਅਲੀ ਦਸਤਾਵੇਜ਼ ਬਣਾਏ ਜਾਂਦੇ ਸਨ। ਆਧਾਰ ਕਾਰਡ ਤੋਂ ਲੈ ਕੇ ਹੋਰ ਸਾਰੇ ਆਈ.ਡੀ ਕਾਰਡਾਂ ਤਕ ਸਾਰੇ ਆਈਡੀ ਕਾਰਡਾਂ ‘ਤੇ ਗ਼ਲਤ ਪਤੇ ਲਿਖੇ ਜਾਂਦੇ ਸਨ ਤਾਕਿ ਜਦ ਲਾੜੀ ਭੱਜ ਜਾਵੇ ਤਾਂ ਦਸਤਾਵੇਜ਼ਾਂ ਵਿਚ ਪਤੇ ਦੀ ਭਾਲ ਕਰਨ ‘ਤੇ ਵੀ ਉਨ੍ਹਾਂ ਨੂੰ ਫੜਿਆ ਨਾ ਜਾ ਸਕੇ। ਪੁਲਿਸ ਅਨੁਸਾਰ ਵਿਆਹ ਲਈ ਜ਼ਿਆਦਾਤਰ ਮੰਦਰਾਂ ਜਾਂ ਗੁਰਦੁਆਰਿਆਂ ਨੂੰ ਚੁਣਿਆ ਜਾਂਦਾ ਸੀ ਕਿਉਂਕਿ ਇਥੇ ਦਸਤਾਵੇਜ਼ਾਂ ਦੀ ਤਸਦੀਕ ਕਰਨ ਦਾ ਕੋਈ ਸਾਧਨ ਨਹੀਂ ਹੈ। ਇਨ੍ਹਾਂ ਥਾਵਾਂ ‘ਤੇ ਦੋਸ਼ੀ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਵਿਆਹ ਕਰਵਾ ਦਿੰਦੇ ਸਨ।