ਜ਼ੀਰਕਪੁਰ ਵਾਸੀਆਂ ਨੂੰ ਆਵਾਰਾ ਕੁੱਤਿਆਂ ਤੋਂ ਵੱਡੀ ਰਾਹਤ, ਨਸਬੰਦੀ ਮੁਹਿੰਮ ਸ਼ੁਰੂ

ਆਵਾਰਾ ਕੁੱਤਿਆਂ ਲਈ ‘ਡਾਗ ਸੈਂਕਚੁਰੀ’ ਬਣਾਉਣ ਦਾ ਪ੍ਰਸਤਾਵ ਵੀ ਤਿਆਰ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਛੱਤ ਪਿੰਡ ਵਿੱਚ ਨਵੇਂ ਟਿਊਬਵੈੱਲ, ਡ੍ਰੇਨੇਜ ਅਤੇ ਟਾਇਲਾਂ ਦੇ ਉਸਾਰੀ ਕੰਮਾਂ ਦੀ ਸ਼ੁਰੂਆਤ



ਜ਼ੀਰਕਪੁਰ/ਮੋਹਾਲੀ, 12 ਫਰਵਰੀ (ਸਚਿਨ ਸ਼ਰਮਾ) : ਹਲਕਾ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਜ਼ੀਰਕਪੁਰ ਨਗਰ ਕੌਂਸਲ ਖੇਤਰ ਵਿੱਚ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ‘ਤੇ ਕਾਬੂ ਪਾਉਣ ਲਈ ਨਗਰ ਕੌਂਸਲ ਦੀ ‘ਡਾਗ ਸਟੀਰਿਲਾਈਜ਼ੇਸ਼ਨ’ (ਕੁੱਤਿਆਂ ਦੀ ਨਸਬੰਦੀ) ਮੁਹਿੰਮ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕਰਵਾਈ, ਜਿਸ ਅਧੀਨ ਲਗਭਗ 2000 ਕੁੱਤਿਆਂ ਦੀ ਸਟੀਰਿਲਾਈਜ਼ੇਸ਼ਨ ਕਰਨ ਦਾ ਟੀਚਾ ਰੱਖਿਆ ਗਿਆ ਹੈ। ਜਾਣਕਾਰੀ ਦਿੰਦਿਆਂ ਵਿਧਾਇਕ ਰੰਧਾਵਾ ਨੇ ਦੱਸਿਆ ਕਿ ਜ਼ੀਰਕਪੁਰ ਦੇ ਨਿਵਾਸੀ ਆਵਾਰਾ ਕੁੱਤਿਆਂ ਦੀ ਵੱਧ ਰਹੀ ਸੰਖਿਆ ਕਾਰਨ ਕਾਫ਼ੀ ਸਮੇਂ ਤੋਂ ਸਟੀਰਿਲਾਈਜ਼ੇਸ਼ਨ ਦੀ ਮੰਗ ਕਰ ਰਹੇ ਸਨ। ਇਸ ਲਈ 39.46 ਲੱਖ ਰੁਪਏ ਦੀ ਲਾਗਤ ਨਾਲ ਸਟੀਰਿਲਾਈਜ਼ੇਸ਼ਨ ਪ੍ਰੋਜੈਕਟ ਮਨਜ਼ੂਰ ਕਰਕੇ ਅੱਜ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਕਸਦ ਲਈ ਇੱਕ ਸਟੀਰਿਲਾਈਜ਼ੇਸ਼ਨ ਸੈਂਟਰ ਬਣਾਇਆ ਗਿਆ ਹੈ, ਜਿੱਥੇ ਇਕ ਸਮੇਂ ਵਿੱਚ 100 ਕੁੱਤਿਆਂ ਨੂੰ ਰੱਖਿਆ ਜਾ ਸਕੇਗਾ। ਹਰ ਕੁੱਤੇ ਨੂੰ ਸਟੀਰਿਲਾਈਜ਼ੇਸ਼ਨ ਤੋਂ ਬਾਅਦ ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਸਰੀਰਕ ਤੌਰ ‘ਤੇ ਠੀਕ ਪਾਏ ਜਾਣ ਉਪਰੰਤ ਹੀ ਛੱਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਵਾਰਾ ਕੁੱਤਿਆਂ ਨੂੰ ਰੱਖਣ ਲਈ ਇੱਕ ‘ਡਾਗ ਸੈਂਕਚੁਰੀ’ ਬਣਾਉਣ ਦਾ ਪ੍ਰਸਤਾਵ ਵੀ ਰਾਜ ਸਰਕਾਰ ਨੂੰ ਭੇਜਿਆ ਗਿਆ ਹੈ, ਜਿਸ ਦੀ ਅਨੁਮਾਨਿਤ ਲਾਗਤ 39.46 ਲੱਖ ਰੁਪਏ ਹੈ।ਇਸ ਤੋਂ ਇਲਾਵਾ ਵਿਧਾਇਕ ਰੰਧਾਵਾ ਵੱਲੋਂ ਪਿੰਡ ਛੱਤ (ਜੋ ਹੁਣ ਐਮ.ਸੀ. ਜ਼ੀਰਕਪੁਰ ਦਾ ਹਿੱਸਾ ਹੈ) ਵਿੱਚ 40.53 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਟਿਊਬਵੈੱਲ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਨਾਲ ਹੀ ਬੈਂਕ ਆਫ਼ ਬੜੌਦਾ ਏ ਟੀ ਐਮ ਤੋਂ ਪਿੰਡ ਛੱਤ ਤੱਕ 49.50 ਲੱਖ ਰੁਪਏ ਦੀ ਲਾਗਤ ਨਾਲ ਡ੍ਰੇਨੇਜ ਅਤੇ ਟਾਇਲਾਂ ਵਿਛਾਉਣ ਦੇ ਕੰਮ ਵੀ ਸ਼ੁਰੂ ਕਰਵਾਏ ਗਏ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ਼ਹਿਰ ਵਿੱਚ ਸੀਵਰੇਜ ਮੈਨਹੋਲ ਦੀ ਸਫਾਈ ਲਈ ਚਾਰ ਨਵੀਆਂ ਗ੍ਰੈਬ ਬੱਕੇਟ ਮਸ਼ੀਨਾਂ ਨੂੰ ਵੀ ਹਰੀ ਝੰਡੀ ਦਿੱਤੀ, ਜਿਸ ਨਾਲ ਸੀਵਰੇਜ ਲਾਈਨਾਂ ਦੇ ਜਾਮ ਹੋਣ ਦੀ ਸਮੱਸਿਆ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਇਹ ਮਸ਼ੀਨਾਂ 47 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ। ਇਸ ਮੌਕੇ ਈ.ਓ. ਐਮ.ਸੀ. ਪਰਵਿੰਦਰ ਸਿੰਘ ਭੱਟੀ, ਕੌਂਸਲਰ, ਪਾਰਟੀ ਆਗੂ ਅਤੇ ਸਥਾਨਕ ਵਾਰਡ ਵਾਸੀ ਹਾਜ਼ਰ ਰਹੇ।
