ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਜ਼ਾਹਿਦਾ ਸੁਲੇਮਾਨ ਮੁੜ ਨਜ਼ਰਬੰਦ…


ਮਾਲੇਰਕੋਟਲਾ, 19 ਜੁਲਾਈ (ਮੁਨਸ਼ੀ ਫ਼ਾਰਕੂ) (ਨਿਊਜ਼ ਟਾਊਨ ਨੈਟਵਰਕ) :
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਿਕਰਮ ਸਿੰਘ ਮਜੀਠੀਆ ਦੀ ਅੱਜ ਪੇਸ਼ੀ ਤੋਂ ਪਹਿਲਾਂ ਹੀ ਤੜਕਸਾਰ 4 ਵਜੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਮੁੜ ਉਨ੍ਹਾਂ ਦੀ ਰਿਹਾਇਸ਼ ਵਿਖੇ ਹੀ ਨਜ਼ਰਬੰਦ ਕਰ ਲਿਆ ਗਿਆ। ਇਹ ਜਾਣਕਾਰੀ ਉਨ੍ਹਾਂ ਦੀ ਸੋਸ਼ਲ ਮੀਡੀਆ ਟੀਮ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਜ਼ ਉਤੇ ਤਸਵੀਰਾਂ ਪੋਸਟ ਕਰਕੇ ਸਵੇਰੇ ਹੀ ਦੇ ਦਿਤੀ ਸੀ। ਜ਼ਿਕਰਯੋਗ ਹੈ ਕਿ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਇਸ ਤੋਂ ਪਹਿਲਾਂ ਵੀ ਨਜ਼ਰਬੰਦ ਕੀਤਾ ਜਾਂਦਾ ਰਿਹਾ ਹੈ।

ਬੀਬਾ ਜ਼ਾਹਿਦਾ ਸੁਲੇਮਾਨ ਨੂੰ ਆਦੇਸ਼ ਹੋਏ ਹਨ ਕਿ ਉਹ ਅੱਜ ਕਿਸੇ ਵੀ ਸਥਿਤੀ ਵਿਚ ਘਰੋਂ ਬਾਹਰ ਨਾ ਨਿਕਲਣ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਡਰ ਚੁੱਕੀ ਹੈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜਿਹੜਾ ਵੀ ਕੋਈ ਕੰਮ ਕਰਦੇ ਹਨ, ਉਹ ਆਮ ਆਦਮੀ ਪਾਰਟੀ ਉਤੇ ਪੁੱਠਾ ਹੀ ਪੈ ਰਿਹਾ ਹੈ। ਇਹ ਵੀ ਸਾਫ਼ ਹੋ ਚੁੱਕਾ ਹੈ ਕਿ ਅਕਾਲੀ ਸਰਕਾਰ ਦੌਰਾਨ ਜਿਹੜੀਆਂ ਵੀ ਬੇਅਬਦੀਆਂ ਕਰਾਈਆਂ ਗਈਆਂ, ਉਨ੍ਹਾਂ ਪਿੱਛੇ ਇਸੇ ਪਾਰਟੀ ਦੇ ਆਗੂਆਂ ਦਾ ਹੱਥ ਸੀ। ਲੋਕਾਂ ਦੀ ਧਾਰਮਕ ਆਸਥਾ ਦਾ ਖ਼ੂਨ ਕਰਕੇ ਇਹ ਪਾਰਟੀ ਸੱਤਾ ਵਿਚ ਆਈ ਹੈ। ਸੱਤਾ ਵਿਚ ਆਉਣ ਤੋਂ ਬਾਅਦ ਰਾਜ ਨੂੰ ਪੁਲਿਸ-ਰਾਜ ਵਿਚ ਤਬਦੀਲ ਕਰ ਲਿਆ ਹੈ। ਸਰਕਾਰੀ ਜਾਂਚ ਏਜੰਸੀਆਂ ਅਤੇ ਹੋਰ ਤੰਤਰ ਦੀ ਦੁਰਵਰਤੋਂ ਦੇ ਨਵੇਂ ਰਿਕਾਰਡ ਬਣਾ ਦਿਤੇ ਹਨ। ਜਿਹੜਾ ਕੋਈ ਵੀ ਸਰਕਾਰ ਦੀ ਆਲੋਚਨਾ ਕਰਦਾ ਹੈ, ਉਸ ਨੂੰ ਮਜੀਠੀਆ ਵਾਂਗ ਝੂਠੇ ਪਰਚਿਆਂ ਵਿਚ ਫਸਾ ਕੇ ਜੇਲਾਂ ਵਿਚ ਡੱਕਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਦੀ ਇਸ ਹਰਕਤ ਨੂੰ ਲੋਕਰਾਜੀ ਕਦਰਾਂ-ਕੀਮਤਾਂ ਤੇ ਪ੍ਰੰਪਰਾਵਾਂ ਦਾ ਘਾਣ ਦੱਸਿਆ ਹੈ ਅਤੇ ਸ਼ੱਕ ਜ਼ਾਹਰ ਕੀਤਾ ਹੈ ਕਿ ਸਰਕਾਰ ਉਨ੍ਹਾਂ ਦੀ ਪਾਰਟੀ ਦੇ ਲੀਡਰਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜਨ ਤੋਂ ਰੋਕ ਰਹੀ ਹੈ। ਸਟੇਟ ਨੂੰ ਪੁਲਿਸ ਰਾਜ ਅੰਦਰ ਤਬਦੀਲ ਕਰਕੇ ਸਰਕਾਰ ਮਨਮਾਨੀਆਂ ਕਰ ਰਹੀ ਹੈ।
ਨੌਜੁਆਨਾਂ ਦੇ ਫ਼ਰਜ਼ੀ ਪੁਲਿਸ ਮੁਕਾਬਲੇ ਅਤੇ ਹਿਰਾਸਤੀ ਮੌਤਾਂ ਸਰਕਾਰ ਦੇ ਜ਼ਾਲਮਾਨਾ ਚਿਹਰੇ ਦਾ ਪ੍ਰਤੀਕ ਹਨ। ਐਮਰਜੈਂਸੀ ਵਰਗੇ ਹਾਲਾਤ ਬਣ ਚੁੱਕੇ ਹਨ। ਅਕਾਲੀ ਲੀਡਰਾਂ ਦੀ ਬਿਨਾਂ ਕੁੱਝ ਦੱਸੇ, ਨਜ਼ਰਬੰਦੀ ਤੋਂ ਜ਼ਾਹਰ ਹੁੰਦਾ ਹੈ ਕਿ ਸਰਕਾਰ ਕੋਈ ਵੱਡਾ ਅਪਰਾਧ ਜਾਂ ਗ਼ਲਤੀ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਲੋਕਾਂ ਨੂੰ ਮਿਲਦੇ ਹਨ। ਹਰ ਵਿਅਕਤੀ 2027 ਦੀਆਂ ਵਿਧਾਨ ਸਭਾ ਚੋਣਾਂ ਉਡੀਕ ਰਿਹਾ ਹੈ। ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਕੋਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਵੱਡੀ ਗ਼ਲਤੀ ਹੋਈ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਪੰਜਾਬ ਨੂੰ ਸੰਭਾਲਣ ਦੇ ਯੋਗ ਨਹੀਂ, ਇਹ ਲੋਕ ਦਿੱਲੀ ਦੇ ਭਗੌੜੇ ਹਨ ਅਤੇ ਬਹੁਤ ਜਲਦ ਪੰਜਾਬੀਆਂ ਨੇ ਵੀ ਇਨ੍ਹਾਂ ਭਜਾ ਦੇਣਾ ਹੈ।

ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਜਲੰਧਰ ਜਾਣਾ ਸੀ ਜਿਥੇ ਮਸੀਹੀ ਭਾਈਚਾਰੇ ਦੇ ਲੋਕਾਂ ਦੇ ਇਕ ਸਮਾਗਮ ਵਿਚ ਸ਼ਾਮਲ ਹੋਣਾ ਸੀ। ਇਸ ਤੋਂ ਇਲਾਵਾ ਸ਼ਹਿਰ ਅਤੇ ਪਿੰਡਾਂ ਵਿਚ ਕਈ ਪ੍ਰੋਗਰਾਮ ਸਨ। ਇਸ ਦੌਰਾਨ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਲੋਚਨ ਸਿੰਘ ਧਲੇਰ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਸਰਕਲ ਪ੍ਰਧਾਨ ਜਥੇਦਾਰ ਮਨਦੀਪ ਸਿੰਘ ਮਾਣਕਵਾਲ, ਜਥੇਦਾਰ ਰਾਜਪਾਲ ਸਿੰਘ ਰਾਜੂ ਚੱਕ, ਸਰਕਲ ਪ੍ਰਧਾਨ ਇਕਬਾਲ ਮੁਹੰਮਦ ਹਥਣ, ਸਟੇਟ ਡੈਲੀਗੇਟ ਜਥੇਦਾਰ ਮੁਕੰਦ ਸਿੰਘ ਧਾਲੀਵਾਲ, ਜਥੇਦਾਰ ਹਰਪ੍ਰੀਤ ਸਿੰਘ ਮਦੇਵੀ, ਸ਼ਹਿਰੀ ਪ੍ਰਧਾਨ ਮੁਹੰਮਦ ਇਕਬਾਲ ਬਾਲਾ, ਜਥੇਦਾਰ ਜਸਪਾਲ ਸਿੰਘ, ਮੁਹੰਮਦ ਮਹਿਮੂਦ ਅਲੀ, ਜ਼ਿਲ੍ਹਾ ਡੈਲੀਗੇਟ ਮੁਹੰਮਦ ਸ਼ਮਸ਼ਾਦ ਕਿਲ੍ਹਾ ਰਹਿਮਤਗੜ੍ਹ, ਯੂਥ ਆਗੂ ਸ਼ਿਵਮ ਮਟਕਣ ਸਮੇਤ ਹੋਰ ਅਕਾਲੀ ਲੀਡਰਾਂ ਨੇ ਬੀਬਾ ਜ਼ਾਹਿਦਾ ਸੁਲੇਮਾਨ ਦੀ ਨਜ਼ਰਬੰਦੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਆਖਿਆ ਕਿ ਸਰਕਾਰ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਡਰਾਉਣਾ ਤੇ ਦਬਾਉਣਾ ਚਾਹੁੰਦੀ ਹੈ ਪਰ ਅਕਾਲੀ ਦਲ ਇਨ੍ਹਾਂ ਮਸਲਿਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਲਿਜਾ ਕੇ ਇਨਸਾਫ਼ ਦੀ ਮੰਗ ਕਰੇਗਾ। ਅਕਾਲੀ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਇਸ਼ਾਰਾ ਮਿਲ ਚੁੱਕਾ ਹੈ ਕਿ ਅਗਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ, ਇਸੇ ਕਰਕੇ ਅਕਾਲੀ ਦਲ ਦੇ ਆਗੂਆਂ ਨੂੰ ਜਨਤਾ ਵਿਚ ਜਾਣ ਤੋਂ ਰੋਕਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।