ਜ਼ਾਹਿਦਾ ਸੁਲੇਮਾਨ ਨੇ ਸਰਕਾਰੀ ਜਬਰ ਦਾ ਸ਼ਿਕਾਰ ਹੋਏ ਕੌਂਸਲਰ ਮੁਹੰਮਦ ਹਬੀਬ ਨਾਲ ਕੀਤੀ ਮੁਲਾਕਾਤ

0
825ebbf4-7ba9-4de2-8c70-b386c9b41b71

ਕਿਹਾ, ਝਾੜੂ ਸਰਕਾਰ ਵਿਚ ਕੌਂਸਲਰਾਂ ਦੀ ਸੰਪਤੀ ਵੀ ਸੁਰੱਖਿਅਤ ਨਹੀਂ ਰਹੀ, ਨਾਜਾਇਜ਼ ਕਬਜ਼ੇ ਵਧੇ
ਸਿਆਸਤਦਾਨਾਂ ਨੂੰ ਕੀਤੀ ਇੱਜ਼ਤ ਉਛਾਲਣ ਦੀ ਬਜਾਏ ਮੁੱਦਿਆਂ ਆਧਾਰਤ ਰਾਜਨੀਤੀ ਕਰਨ ਦੀ ਅਪੀਲ

(ਮੁਨਸ਼ੀ ਫ਼ਾਰੂਕ)


ਮਾਲੇਰਕੋਟਲਾ, 12 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਸਰਕਾਰੀ ਜਬਰ ਕਾਰਨ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਕੌਂਸਲਰ ਮੁਹੰਮਦ ਹਬੀਬ ਨਾਲ ਮੁਲਾਕਾਤ ਕਰਕੇ, ਉਨ੍ਹਾਂ ਨਾਲ ਹੋਈ ਸਰਕਾਰੀ ਧੱਕੇਸ਼ਾਹੀ ਬਾਰੇ ਵਿਚਾਰ-ਚਰਚਾ ਕੀਤੀ। ਤਰਨ ਤਾਰਨ ਜ਼ਿਮਨੀ ਤੋਂ ਫ਼ਾਰਗ਼ ਹੋ ਕੇ ਹਲਕੇ ਵਿਚ ਪਰਤੇ ਬੀਬਾ ਜ਼ਾਹਿਦਾ ਸੁਲੇਮਾਨ ਨੇ ਕੌਂਸਲਰ ਮੁਹੰਮਦ ਹਬੀਬ ਨੂੰ ਭਰੋਸਾ ਦਿਤਾ ਕਿ ਉਹ ਕਿਸੇ ਵੀ ਕੀਮਤ ਉਤੇ ਸ਼ਹਿਰ ਦੇ ਨਾਗਰਿਕਾਂ ਨਾਲ ਜ਼ਿਆਦਤੀ ਨਹੀਂ ਹੋਣਗੇ ਅਤੇ ਸਰਕਾਰੀ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਚ ਡੁੱਬੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹੁਣ ਕੌਂਸਲਰਾਂ ਅਤੇ ਸਰਪੰਚਾਂ ਦੀਆਂ ਸੰਪਤੀਆਂ ਵੀ ਸੁਰੱਖਿਅਤ ਨਹੀਂ ਰਹੀਆਂ। ਸੱਤਾਧਾਰੀਆਂ ਦੀ ਲਾਲਚ ਇਥੋਂ ਤਕ ਵੱਧ ਗਈ ਹੈ ਕਿ ਉਹ ਰਸੂਖ਼ਦਾਰ ਲੋਕਾਂ ਦੀਆਂ ਜਾਇਦਾਦਾਂ ਖੋਹਣ ਲੱਗ ਪਏ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਕੌਂਸਲਰ ਮੁਹੰਮਦ ਹਬੀਬ ਇਕੱਲੇ ਅਜਿਹੇ ਵਿਅਕਤੀ ਨਹੀਂ ਜਿਨ੍ਹਾਂ ਦੀ ਸੰਪੱਤੀ ਉਤੇ ਨਾਜਾਇਜ਼ ਤੌਰ ਤੇ ਸੱਤਾਧਾਰੀਆਂ ਦੇ ਰਿਸ਼ਤੇਦਾਰਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਹਿਰ ਵਿਚ ਹੋਰ ਵੀ ਅਜਿਹੀਆਂ ਥਾਵਾਂ ਉਤੇ ਸਰਕਾਰ ਅਤੇ ਸਰਕਾਰੀ ਬੰਦੇ ਨਾਜਾਇਜ਼ ਉਸਾਰੀਆਂ ਕਰਵਾ ਰਹੇ ਹਨ ਜਿਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸਾਰੀ ਕਰਨ ਉਤੇ ਰੋਕ ਲਾਈ ਹੋਈ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਉਹ ਜਲਦ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਲੋਂ ਗ਼ਰੀਬਾਂ ਅਤੇ ਕਮਜ਼ੋਰ ਲੋਕਾਂ ਦੀਆਂ ਹਥਿਆਈਆਂ ਗਈਆਂ ਸੰਪੱਤੀਆਂ ਨੂੰ ਸਬੂਤਾਂ ਸਮੇਤ ਬੇਪਰਦ ਕਰਨ ਲਈ ਅਹਿਮ ਪ੍ਰੈਸ ਕਾਨਫ਼ਰੰਸ ਕਰਨਗੇ। ਇਕ ਸਵਾਲ ਦੇ ਜਵਾਬ ਵਿਚ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਹਲਕੇ ਵਿਚ ਝਾੜੂ ਪਾਰਟੀ ਦਾ ਵਜੂਦ ਖ਼ਤਮ ਹੋ ਚੁੱਕਾ ਹੈ। ਇਸ ਪਾਰਟੀ ਨੇ ਹਲਕੇ ਵਿਚ ਕੋਈ ਨਵਾਂ ਕੰਮ ਨਹੀਂ ਕੀਤਾ ਬਲਕਿ ਪਿਛਲੀਆਂ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਕਲਿਆਣਕਾਰੀ ਯੋਜਨਾਵਾਂ ਬੰਦ ਕਰ ਦਿਤੀਆਂ ਹਨ। ਸਿਹਤ ਸੇਵਾਵਾਂ ਬੁਰੀ ਤਰ੍ਹਾਂ ਵਿਗੜ ਚੁੱਕੀਆਂ ਹਨ। ਔਰਤਾਂ ਨੂੰ ਸਾਧਾਰਣ ਡਿਲਿਵਰੀਜ਼ ਲਈ ਵੀ ਮਾਲੇਰਕੋਟਲਾ ਵਿਚੋਂ ਬਾਹਰ ਜਾਣਾ ਪੈ ਰਿਹਾ ਹੈ। ਸਾਬਕਾ ਡੀ.ਜੀ.ਪੀ. ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਵਿਰੁਧ ਸੀ.ਬੀ.ਆਈ. ਵਲੋਂ ਪਰਚਾ ਦਰਜ ਕਰਨ ਬਾਰੇ ਪੁੱਛੇ ਜਾਣ ਤੇ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਇਹ ਉਸ ਪਰਿਵਾਰ ਦਾ ਨਿੱਜੀ ਮਸਲਾ ਹੈ। ਉਹ ਮੁੱਦਿਆਂ ਆਧਾਰਤ ਰਾਜਨੀਤੀ ਵਿਚ ਵਿਸ਼ਵਾਸ ਰੱਖਦੇ ਹਨ, ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਟਿਪਣੀਆਂ ਕਰਨਾ ਚੰਗੀ ਗੱਲ ਨਹੀਂ। ਬੀਬਾ ਜ਼ਾਹਿਦਾ ਸੁਲੇਮਾਨ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਕਿ ਮੀਡੀਆ ਵਿਚ ਜਾ ਇਕ-ਦੂਜੇ ਦੀ ਇੱਜ਼ਤ ਉਛਾਲਣ ਦੀ ਬਜਾਏ ਵਿਕਾਸ ਅਤੇ ਕੰਮਾਂ ਆਧਾਰਤ ਸਿਆਸਤ ਵੱਲ ਧਿਆਨ ਦਿਤਾ ਜਾਣਾ ਚਾਹੀਦਾ ਹੈ ਤਾਕਿ ਹਲਕਾ ਦਾ ਕੁੱਝ ਭਲਾ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ ਅਤੇ ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਫੋਗਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *