ਯੂਟਿਊਬਰ ਜੋਤੀ ਮਲਹੋਤਰਾ ਨੂੰ ਕੇਰਲ ਸਰਕਾਰ ਨੇ ਬਣਾਇਆ ਸੀ ਸਰਕਾਰੀ ਮਹਿਮਾਨ


ਨਵੀਂ ਦਿੱਲੀ, 7 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਵਿਚ ਗ੍ਰਿਫ਼ਤਾਰ ਹਰਿਆਣਾ ਦੀ ਟ੍ਰੈਵਲ ਯੂਟਿਊਬਰ ਜੋਤੀ ਮਲਹੋਤਰਾ ਬਾਰੇ ਇਕ ਨਵਾਂ ਖੁਲਾਸਾ ਹੋਇਆ ਹੈ। ਕੇਰਲ ਸਰਕਾਰ ਨੇ ਆਪਣੇ ਡਿਜੀਟਲ ਆਊਟਰੀਚ ਮੁਹਿੰਮ ਦੇ ਹਿੱਸੇ ਵਜੋਂ ਜੋਤੀ ਮਲਹੋਤਰਾ ਨੂੰ ਰਾਜ ਵਿਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੱਦਾ ਦਿਤਾ ਸੀ। ਇਹ ਮੁਹਿੰਮ 2024-25 ਦੇ ਵਿਚਕਾਰ ਚੱਲੀ ਸੀ ਅਤੇ ਇਸ ਵਿਚ ਜੋਤੀ ਨੂੰ ਸਰਕਾਰੀ ਮਹਿਮਾਨ ਵਜੋਂ ਰਾਜ ਵਿਚ ਘੁੰਮਾਇਆ ਗਿਆ ਸੀ, ਜਿਸਦਾ ਖਰਚਾ ਕੇਰਲ ਸੈਰ-ਸਪਾਟਾ ਵਿਭਾਗ ਨੇ ਚੁੱਕਿਆ ਸੀ। ਇਹ ਗੱਲ ਇਕ ਆਰਟੀਆਈ ਵਿਚ ਸਾਹਮਣੇ ਆਈ ਹੈ।
ਇਸ ਆਰਟੀਆਈ ਦੇ ਜਵਾਬ ਵਿਚ ਇਹ ਦੱਸਿਆ ਗਿਆ ਹੈ ਕਿ ਰਾਜ ਸਰਕਾਰ ਨੇ ‘ਕੇਰਲ ਨੂੰ ਇਕ ਗਲੋਬਲ ਸੈਰ-ਸਪਾਟਾ ਸਥਾਨ ਵਜੋਂ’ ਪ੍ਰਚਾਰ ਕਰਨ ਲਈ 41 ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਸੱਦਾ ਦਿਤਾ ਸੀ। ਇਨ੍ਹਾਂ ਸਾਰੇ ਪ੍ਰਭਾਵਕਾਂ ਦੇ ਟਰੈਵਲ , ਠਹਿਰਨ ਅਤੇ ਖਾਣੇ ਦਾ ਸਾਰਾ ਖਰਚਾ ਸਰਕਾਰ ਨੇ ਚੁੱਕਿਆ ਸੀ। ਇਨ੍ਹਾਂ ਵਲੌਗਰਾਂ ਵਿੱਚੋਂ ਇਕ ਜੋਤੀ ਮਲਹੋਤਰਾ ਸੀ, ਜੋ ਹੁਣ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਵਿਚ ਜੇਲ੍ਹ ਵਿਚ ਹੈ।

ਜੋਤੀ ਮਲਹੋਤਰਾ 2024 ਅਤੇ 2025 ਦੇ ਵਿਚਕਾਰ ਜੋਤੀ ਕੇਰਲ ਦੇ ਵੱਖ-ਵੱਖ ਸਥਾਨਾਂ ‘ਤੇ ਗਈ। ਉਸਨੇ ਕੇਰਲ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਜਿਵੇਂ ਕਿ ਕੋਚੀ, ਕੰਨੂਰ, ਕੋਝੀਕੋਡ, ਅਲਾਪੁਝਾ, ਮੁੰਨਾਰ ਅਤੇ ਤਿਰੂਵਨੰਤਪੁਰਮ ਦੀ ਯਾਤਰਾ ਕੀਤੀ। ਉਸਨੇ ਆਪਣੀ ਯਾਤਰਾ ਦੌਰਾਨ ਕਈ ਵੀਡੀਓ ਵੀ ਬਣਾਏ ਸੀ। ਇਹਨਾਂ ਵਾਇਰਲ ਵੀਡੀਓਜ਼ ਵਿੱਚੋਂ ਇਕ ਵਿਚ ਉਸਨੂੰ ਰਵਾਇਤੀ ਕੇਰਲ ਸਾੜੀ ਵਿਚ ਥੇਯਮ ਡਾਂਸ ਕਰਦੇ ਦੇਖਿਆ ਗਿਆ। ਜੋਤੀ ਦੁਆਰਾ ਬਣਾਏ ਗਏ ਕੰਟੈਂਟ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਦੇਖਿਆ ਪਰ ਪਾਕਿਸਤਾਨ ਤੋਂ ਜਾਸੂਸੀ ਦੇ ਆਰੋਪਾਂ ਨੇ ਜੋਤੀ ਮਲਹੋਤਰਾ ਦੀ ਕੇਰਲ ਯਾਤਰਾ ‘ਤੇ ਸਵਾਲ ਖੜ੍ਹੇ ਕਰ ਦਿਤੇ ਹਨ।
ਇਸ ਮਾਮਲੇ ‘ਤੇ ਕੇਰਲ ਦੇ ਸੈਰ-ਸਪਾਟਾ ਮੰਤਰੀ ਪੀਏ ਮੁਹੰਮਦ ਰਿਆਸ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਪੂਰੀ ਪਾਰਦਰਸ਼ਤਾ ਨਾਲ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਉਨ੍ਹਾਂ ਕਿਹਾ, ‘ਅਸੀਂ ਕਿਸੇ ਵੀ ਤਰ੍ਹਾਂ ਜਾਸੂਸੀ ਨੂੰ ਉਤਸ਼ਾਹਿਤ ਨਹੀਂ ਕੀਤਾ। ਇਹ ਇਕ ਪ੍ਰਚਾਰ ਪ੍ਰੋਗਰਾਮ ਸੀ, ਜਿਸ ਵਿਚ ਕਿਸੇ ਦਾ ਪਿਛੋਕੜ ਜਾਣਨਾ ਸਾਡੀ ਜ਼ਿੰਮੇਵਾਰੀ ਨਹੀਂ ਸੀ, ਇਸਨੂੰ ਹੁਣ ਰਾਜਨੀਤਿਕ ਪ੍ਰਚਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।’
ਹਾਲਾਂਕਿ, ਵਿਰੋਧੀ ਧਿਰ ਨੇ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿਤਾ ਹੈ। ਭਾਜਪਾ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ‘ਆਰਟੀਆਈ ਨਾਲ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਜਾਸੂਸ ਜੋਤੀ ਮਲਹੋਤਰਾ ਨੂੰ ਖੱਬੇ ਪੱਖੀ ਸਰਕਾਰ ਨੇ ਕੇਰਲ ਬੁਲਾਇਆ ਸੀ। ਭਾਰਤ ਮਾਤਾ ਨੂੰ ਬਲੌਕ ਅਤੇ ਪਾਕਿਸਤਾਨੀ ਜਾਸੂਸ ਨੂੰ ਰੈਡ ਕਾਰਪੇਟ ? ਸੈਰ-ਸਪਾਟਾ ਮੰਤਰੀ ਮੁਹੰਮਦ ਰਿਆਸ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਜਵਾਈ ਹਨ। ਉਨ੍ਹਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਜਾਂਚ ਹੋਣੀ ਚਾਹੀਦੀ ਹੈ।’
ਦੱਸਣਯੋਗ ਹੈ ਕਿ ਜੋਤੀ ਨੂੰ ਮਈ 2025 ਵਿਚ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਹ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੇ ‘ਸੰਪਰਕ’ ਵਿਚ ਸੀ ਅਤੇ ਕਈ ਵਾਰ ਪਾਕਿਸਤਾਨ ਦੀ ਯਾਤਰਾ ਕੀਤੀ ਸੀ। ਉਸਦਾ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਸੀ, ਜਿਨ੍ਹਾਂ ਵਿੱਚੋਂ ਇਕ ਨੂੰ ਦੇਸ਼ ਤੋਂ ਕੱਢ ਦਿਤਾ ਗਿਆ ਸੀ। ਜੋਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਭਰ ਵਿਚ ਛਾਪੇਮਾਰੀ ਕੀਤੀ ਗਈ ਹੈ। ਇਸ ਵਿਚ ਕੁੱਲ 12 ਸ਼ੱਕੀ ਫੜੇ ਗਏ ਹਨ। ਇਹ ਸ਼ੱਕੀ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ।