ਨਵਾਂਸ਼ਹਿਰ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ


ਨਵਾਂਸ਼ਹਿਰ, 1 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਨਵਾਂਸ਼ਹਿਰ ਦੇ ਪਿੰਡ ਉਸਮਾਨਪੁਰ ਵਿਚ ਇਕ ਨੌਜਵਾਨ ਦੀ ਕੁਝ ਅਣਪਛਾਤੇ ਹਮਲਾਵਰਾਂ ਵਲੋਂ 5-6 ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਅਮਨਦੀਪ ਸਿੰਘ ਉਰਫ਼ ਮੰਨਾ ਪੁੱਤਰ ਸੁਰੇਂਦਰ ਸਿੰਘ ਵਾਸੀ ਪਿੰਡ ਉਸਮਾਨਪੁਰ ਦਾ ਵਾਸੀ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ।
ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਕਮਿਊਨਿਟੀ ਹਾਲ ਦੇ ਨੇੜੇ ਟਹਿਲ ਰਿਹਾ ਸੀ। ਹਮਲਾਵਰ ਸਕੂਲ ਦੀ ਕੰਧ ਟੱਪ ਕੇ ਆਏ ਤੇ ਅਮਨਦੀਪ ‘ਤੇ ਅਚਾਨਕ ਫ਼ਾਇਰਿੰਗ ਸ਼ੁਰੂ ਕਰ ਦਿਤੀ ਤੇ ਉਸਨੂੰ 5-6 ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਗੋਲੀਆਂ ਲੱਗਣ ਮਗਰੋਂ ਅਮਨਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਘਟਨਾ ਵਾਲੀ ਥਾਂ ਸਾਹਮਣੇ ਇਕ ਪੀਰ ਦਰਗਾਹ ਵਿਚ ਮੇਲਾ ਵੀ ਚੱਲ ਰਿਹਾ ਸੀ, ਜਿਸ ਦੇ ਰੌਲੇ ਰੱਪੇ ‘ਚ ਹਮਲਾਵਰਾਂ ਨੇ ਘਟਨਾ ਨੂੰ ਅੰਜਾਮ ਦਿਤਾ।
ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਅਮਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਨਾਲ ਵੀ ਦੁਸ਼ਮਣੀ ਤੋਂ ਇਨਕਾਰ ਕੀਤਾ ਹੈ ਅਤੇ ਫਿਲਹਾਲ ਮੀਡੀਆ ਦੇ ਸਾਹਮਣੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ।
ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਹਰ ਰੋਜ਼ ਸੈਰ ਕਰਨ ਜਾਂਦਾ ਸੀ ਪਰ ਅੱਜ ਉਹ ਇਕੱਲਾ ਸੀ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਸਨੂੰ ਕਿਸਨੇ ਗੋਲੀ ਮਾਰੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਪਰ ਮੀਡੀਆ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ।