ਬਠਿੰਡਾ ‘ਚ ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ


ਬਠਿੰਡਾ, 8 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਦੀ ਚਹਿਲ ਪੱਤੀ ਦੇ ਵਸਨੀਕ 22 ਸਾਲਾਂ ਨੌਜਵਾਨ ਹੈਵਨਦੀਪ ਸਿੰਘ ਪੁੱਤਰ ਸਵ: ਕੁਲਵੰਤ ਸਿੰਘ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹੈਵਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ। ਨੌਜਵਾਨ ਦੀ ਇਕ ਭੈਣ ਹੈ ਜੋ ਕੈਨੇਡਾ ‘ਚ ਪੜ੍ਹਾਈ ਕਰ ਰਹੀ ਹੈ।
ਸਥਾਨਕ ਲੋਕਾਂ ਮੁਤਾਬਕ ਨੌਜਵਾਨ ਲੰਬੇ ਸਮੇਂ ਤੋਂ ਚਿੱਟੇ ਦਾ ਆਦੀ ਸੀ ਚਾਚੇ ਤਾਇਆਂ ਦੇ ਬਹੁਤ ਦੀ ਜ਼ਿਆਦਾ ਸਮਝਾਉਣ ‘ਤੇ ਨਸ਼ਾ ਛੁਡਾਊ ਹਸਪਤਾਲਾਂ ‘ਚ ਭਰਤੀ ਕਰਵਾਉਣ ਦੇ ਬਾਵਜੂਦ ਵੀ ਨੌਜਵਾਨ ਇਸ ਪਾਸੇ ਤੋਂ ਆਪਣੇ ਆਪ ਨੂੰ ਮੋੜ ਨਾ ਸਕਿਆ। ਪਰਿਵਾਰ ਦੇ ਦੱਸਣ ਮੁਤਾਬਕ ਘਰ ਵਿਚ ਦੋਵੇਂ ਮਾਂ ਪੁੱਤ ਹੀ ਰਹਿੰਦੇ ਸਨ ਕਿ ਬੀਤੇ ਕੱਲ੍ਹ ਮਾਤਾ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਗਈ ਸੀ, ਪਿੱਛੋਂ ਨੌਜਵਾਨ ਨੇ ਕਮਰੇ ਦਾ ਅੰਦਰ ਵੜਕੇ ਕੁੰਡੀ ਲਗਾ ਕੇ ਚਿੱਟੇ ਦਾ ਟੀਕਾ ਲਗਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਸਾਲ ਗਈ। ਮਾਤਾ ਦੇ ਘਰ ਵਾਪਸ ਆਉਣ ’ਤੇ ਉਸਨੂੰ ਪਤਾ ਲੱਗਾ ਕਿ ਉਸ ਦੇ ਬੁਢਾਪੇ ਦਾ ਇੱਕੋ ਇਕ ਸਹਾਰਾ ਨੌਜਵਾਨ ਪੁੱਤ ਚਿੱਟੇ ਦੀ ਭੇਟ ਚੜ੍ਹ ਗਿਆ। ਨਸ਼ੇ ਕਾਰਨ ਹੋਈ ਇਸ ਨੌਜਵਾਨ ਮੌਤ ਕਾਰਨ ਇਲਾਕਾ ਵਾਸੀਆਂ ਚ ਪ੍ਰਸ਼ਾਸਨ ਪ੍ਰਤੀ ਡੂੰਘਾ ਰੋਹ ਵੇਖਣ ਨੂੰ ਮਿਲ ਰਿਹਾ ਹੈ।
