ਪਿਮਸ ਇੰਟਰਨਜ਼ ਦੇ ਹੱਕ ‘ਚ ਸਿਹਤ ਮੰਤਰੀ ਮਿਲਣ ਜਾ ਰਹੇ ਯੂਥ ਕਾਂਗਰਸ ਆਗੂ ਨੂੰ ਘਰ ‘ਚ ਕੀਤਾ ਨਜ਼ਰਬੰਦ


ਜਲੰਧਰ, 14 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਪੁਲਿਸ ਨੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਅੰਗਦ ਦੱਤਾ ਨੂੰ ਉਸ ਵੇਲੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਜਦੋਂ ਉਹ ਪਿਮਸ ਦੇ ਐਮਬੀਬੀਐਸ ਇੰਟਰਨਜ਼ ਦੇ ਨਾਲ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਪਿਮਸ ਦੌਰੇ ਦੌਰਾਨ ਮਿਲਣ ਅਤੇ ਸਰਕਾਰ ਵੱਲੋਂ ਨਿਰਧਾਰਤ ਪੂਰਾ ਇੰਟਰਨਸ਼ਿਪ ਸਟਾਈਪੈਂਡ ਨਾ ਦੇਣ ਦੇ ਮਾਮਲੇ ਨੂੰ ਉਠਾਉਣ ਲਈ ਜਾਣ ਵਾਲਾ ਸੀ।
ਇਸ ਸਬੰਧੀ ਗੱਲਬਾਤ ਕਰਦਿਆਂ ਅੰਗਦ ਦੱਤਾ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਦਰਜ ਕਰਵਾਉਣਾ ਅਤੇ ਮੰਤਰੀ ਨੂੰ ਸਿੱਧੇ ਮੈਮੋਰੈਂਡਮ ਦੇਣਾ ਸੀ, ਜਿਸ ਵਿੱਚ ਦਰਸਾਇਆ ਜਾਵੇ ਕਿ ਪਿਮਸ ਦੇ ਇੰਟਰਨਜ਼ ਨੂੰ ₹22,000 ਪ੍ਰਤੀ ਮਹੀਨਾ ਨਿਰਧਾਰਤ ਸਟਾਈਪੈਂਡ ਦੀ ਬਜਾਏ ਕਾਫ਼ੀ ਘੱਟ ਰਕਮ ਦਿੱਤੀ ਜਾ ਰਹੀ ਹੈ, ਜੋ ਕਿ ਪੰਜਾਬ ਸਰਕਾਰ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ।
ਯੂਥ ਕਾਂਗਰਸ ਦੇ ਆਗੂ ਨੇ ਦੱਸਿਆ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਵਿਚ ਸਵੇਰੇ 11:35 ਵਜੇ ਥਾਣਾ 7 ਦੀ ਪੁਲਿਸ ਨੇ ਐਂਸਐੱਚਓ ਦੀ ਅਗਵਾਈ ਹੇਠ ਘਰ ਵਿਚ ਨਜ਼ਰਬੰਦ ਕਰ ਦਿੱਤਾ, ਜਿਸ ਕਾਰਨ ਉਹ ਵਿਰੋਧ ਵਿੱਚ ਸ਼ਾਮਲ ਨਹੀਂ ਹੋ ਸਕੇ। ਬਾਅਦ ਵਿਚ ਗੱਲਬਾਤ ਤੋਂ ਬਾਅਦ ਥਾਣਾ ਮੁਖੀ ਨੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਪਿਮਸ ਦੇ 5 ਇੰਟਰਨਜ਼ ਨੂੰ ਮੰਤਰੀ ਨਾਲ ਮਿਲਣ ਦੀ ਇਜਾਜ਼ਤ ਦਿੱਤੀ।
ਇਹ ਘਟਨਾ ਸਾਫ਼ ਦਿਖਾਉਂਦੀ ਹੈ ਕਿ ਸੱਚਾਈ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇੰਟਰਨਜ਼ ਦੀ ਲੜਾਈ ਨਿਆਂ, ਇੱਜ਼ਤ ਅਤੇ ਬਰਾਬਰੀ ਲਈ ਹੈ ਅਤੇ ਅੱਜ ਦੀ ਇਹ ਕਾਰਵਾਈ ਸਾਡੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਦੀ ਹੈ।
ਅਸੀਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪੰਜਾਬ ਸਰਕਾਰ ਅਤੇ ਸਿਹਤ ਮੰਤਰਾਲੇ ਨੂੰ ਅਪੀਲ ਕਰਦੇ ਹਾਂ ਕਿ ਸ਼ਾਂਤੀਪੂਰਨ ਲੋਕਤਾਂਤਰਿਕ ਕਾਰਵਾਈ ਨੂੰ ਦਬਾਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ ਅਤੇ ਪਿਮਸ ਤੁਰੰਤ ਸਟਾਈਪੈਂਡ ਦੇ ਹੁਕਮ ਦੀ ਪਾਲਣਾ ਕਰੇ।