ਤੜਪੇ ਨੌਜਵਾਨ ਨੇ ਫ਼ਿਲਮ ਸਿਆਰਾ ਦੇਖ ਕੇ ਲਿਆ ਫਾਹਾ


ਮੇਰਠ, 7 ਅਗੱਸਤ (ਨਿਊਜ਼ ਟਾਊਨ ਨੈਟਵਰਕ) :
ਸਿਆਰਾ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਫ਼ਿਲਮ ਦੇਖ ਰਹੇ ਲੋਕ ਸਿਨੇਮਾਘਰਾਂ ਵਿਚ ਰੋਣ ਲੱਗ ਪਏ ਜਾਂ ਬੇਹੋਸ਼ ਹੋ ਗਏ। ਖੁਦਕੁਸ਼ੀ ਦੇ ਵੀ ਕਈ ਮਾਮਲੇ ਦੇਖੇ ਗਏ। ਇਨ੍ਹਾਂ ਨਵੇਂ ਮਾਮਲਿਆਂ ਵਿਚੋਂ ਇਕ ਯੂਪੀ ਦੇ ਮੇਰਠ ਦਾ ਹੈ। ਮੇਰਠ ਦੇ ਲਿਸਾਡੀ ਗੇਟ ਇਲਾਕੇ ਦੇ ਅਹਿਮਦਨਗਰ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਨੇ ਸਿਆਰਾ ਫ਼ਿਲਮ ਦੇਖਣ ਤੋਂ ਬਾਅਦ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿਤਾ। ਦੱਸਣਯੋਗ ਹੈ ਕਿ ਖ਼ਾਲਿਦ ਦਾ 20 ਸਾਲਾ ਪੁੱਤਰ ਸ਼ਹਿਬਾਜ਼ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ। ਮੰਗਲਵਾਰ ਨੂੰ ਉਸਨੂੰ ਉਸਦੇ ਸਹੁਰਿਆਂ ਦਾ ਫ਼ੋਨ ਆਇਆ ਕਿ ਉਹ ਅਗਲੇ 4 ਤੋਂ 5 ਸਾਲਾਂ ਤਕ ਵਿਆਹ ਨਹੀਂ ਕਰਨਗੇ। ਇਸ ਕਾਰਨ ਸ਼ਹਿਬਾਜ਼ ਉਦਾਸ ਹੋ ਗਿਆ ਤੇ ਉਹ ਮੰਗਲਵਾਰ ਨੂੰ ਫ਼ਿਲਮ ਸਿਆਰਾ ਦਾ ਨਾਈਟ ਸ਼ੋਅ ਦੇਖ ਕੇ ਘਰ ਪਹੁੰਚਿਆ। ਉਹ ਆਪਣੇ ਕਮਰੇ ਵਿਚ ਗਿਆ ਤੇ ਰਾਤ ਨੂੰ ਸੌਂ ਗਿਆ। ਮੰਗਲਵਾਰ ਰਾਤ ਲਗਭਗ 3 ਵਜੇ ਸ਼ਹਿਬਾਜ਼ ਦੀ ਮਾਂ ਨੇ ਉਸਦੀ ਲਾਸ਼ ਕਮਰੇ ਵਿਚ ਫੰਦੇ ਨਾਲ ਲਟਕਦੀ ਹੋਈ ਦੇਖੀ। ਇਸ ਦੌਰਾਨ ਪੂਰੇ ਪਰਿਵਾਰ ਵਿਚ ਹਫੜਾ-ਦਫੜੀ ਮਚ ਗਈ। ਚੀਕਾਂ ਸੁਣ ਕੇ ਇਲਾਕੇ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿਤੀ ਜਿਸ ਤੋਂ ਬਾਅਦ ਪੁਲਿਸ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਪਰਿਵਾਰ ਨੇ ਕਿਸੇ ਵੀ ਪੁਲਿਸ ਕਾਰਵਾਈ ਕਰਾਉਣ ਤੋਂ ਇਨਕਾਰ ਕਰ ਦਿਤਾ ਹੈ। ਦੂਜੇ ਪਾਸੇ ਐਸਪੀ ਸਿਟੀ ਆਯੂਸ਼ ਵਿਕਰਮ ਸਿੰਘ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਨੇ ਕਾਨੂੰਨੀ ਕਾਰਵਾਈ ਕਰਨ ‘ਤੇ ਇਨਕਾਰ ਕਰ ਦਿਤਾ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਗਈ ਹੈ।