ਨੌਜਵਾਨ ਦੀ ਅਮਰੀਕਾ ‘ਚ ਟਰੱਕ ਹਾਦਸੇ ਦੌਰਾਨ ਮੌਤ!


ਅਮਰੀਕਾ, 22 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਕਸਬਾ ਮੁੱਦਕੀ ਦੇ ਇਕ ਨੌਜਵਾਨ ਦੀ ਅਮਰੀਕਾ ’ਚ ਇਕ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੇ ਮਾਮਾ ਰਜਿੰਦਰ ਸਿੰਘ ਰਾਜੂ ਖੋਸਾ ਨੇ ਦੱਸਿਆ ਕਿ ਰਵਿੰਦਰਪਾਲ ਸਿੰਘ ਬਰਾੜ ਉਰਫ਼ ਰੌਕੀ ਵਾਸੀ ਮਾਹਲਾ ਰੋਡ ਮੁੱਦਕੀ ਕਰੀਬ 25 ਸਾਲਾਂ ਤੋਂ ਅਮਰੀਕਾ ਦੇ ਲਾਸ ਏਂਜਲਸ ’ਚ ਰਹਿ ਰਿਹਾ ਸੀ। ਉਹ ਉੱਥੇ ਟਰੱਕਿੰਗ ਦਾ ਕਾਰੋਬਾਰ ਕਰਦਾ ਸੀ। ਬੀਤੀ 19 ਸਤੰਬਰ ਨੂੰ ਰਾਤ ਕਰੀਬ 10 ਵਜੇ ਐੱਲਏ ਤੋਂ ਲਗਭਗ 1800 ਕਿਲੋਮੀਟਰ ਦੂਰ ਉਸ ਦੇ ਟਰੱਕ ਨੂੰ ਅੱਗ ਲੱਗ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਰੌਕੀ ਬੁਰੀਤਰ੍ਹਾਂ ਝੁਲਸ ਗਿਆ।
ਹਾਦਸੇ ਤੋਂ ਬਾਅਦ ਉਥੋਂ ਦੀ ਪੁਲਿਸ ਅਤੇ ਬਚਾਅ ਟੀਮਾਂ ਤੁਰੰਤ ਮੌਕੇ ’ਤੇ ਪੁੱਜੀਆਂ। ਰੌਕੀ ਨੂੰ ਹਵਾਈ ਐਂਬੂਲੈਂਸ ਰਾਹੀਂ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਰੌਕੀ ਆਪਣੇ ਪਿੱਛੇ ਆਪਣੀ ਪਤਨੀ, ਦੋ ਬੇਟੇ ਅਤੇ ਬਜ਼ੁਰਗ ਮਾਪਿਆਂ ਨੂੰ ਛੱਡ ਗਿਆ ਹੈ।