ਦਰਬਾਰ ਸਾਹਿਬ ਪੁੱਜੇ ਯੋਗ ਗੁਰੂ ਬਾਬਾ ਰਾਮਦੇਵ, ਹੜ੍ਹ ਪ੍ਰਭਾਵਤਾਂ ਦੀ ਮਦਦ ਲਈ ਦਿਤਾ 1 ਕਰੋੜ ਦਾ ਚੈੱਕ


ਐਡਵੋਕੇਟ ਧਾਮੀ ਨੇ ਰਾਮਦੇਵ ਨੂੰ 350 ਸਾਲਾ ਸ਼ਹੀਦੀ ਸਮਾਗਮਾਂ ਲਈ ਦਿਤਾ ਸੱਦਾ
(ਮੋਹਕਮ ਸਿੰਘ)
ਅੰਮ੍ਰਿਤਸਰ, 1 ਅਕਤੂਬਰ : ਯੋਗ ਗੁਰੂ ਰਾਮਦੇਵ ਨੇ ਅੱਜ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸ਼ਤਕ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਿਰੋਪਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਐਸਜੀਪੀਸੀ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਰਾਮਦੇਵ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੇ ਜਾ ਰਹੇ ਕੰਮ ਸ਼ਲਾਘਾ ਯੋਗ ਹਨ, ਜਿਸ ਲਈ ਉਹ ਵੀ ਯੋਗਦਾਨ ਪਾਉਣਗੇ। ਉਨ੍ਹਾਂ ਨੇ ਇਸ ਮੌਕੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਰਾਹਤ ਫੰਡ ਲਈ ਐਡਵੋਕੇਟ ਧਾਮੀ ਨੂੰ ਮੌਕੇ ‘ਤੇ ਇੱਕ ਕਰੋੜ ਰੁਪਏ ਦਾ ਚੈੱਕ ਭੇਂਟ ਕੀਤਾ ਅਤੇ ਪੰਜਾਬੀਆਂ ਨੂੰ ਬਹਾਦਰ ਯੋਧੇ ਦੱਸਦਿਆਂ ਆਸ ਪ੍ਰਗਟਾਈ ਕਿ ਪੰਜਾਬ ਜਲਦੀ ਹੀ ਇਸ ਸੰਕਟ ਚੋਂ ਨਿਕਲੇਗਾ ਅਤੇ ਮੁੜ ਆਪਣੇ ਪੈਰੀ ਖੜਾ ਹੋਵੇਗਾ। ਇਸ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਦੇ ਫਲਸਫੇ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ‘ਤੇ ਚਲਦਿਆਂ ਸਮੂਹ ਦੇਸ਼ ਵਾਸੀਆਂ ਨੂੰ ਸ੍ਰੀ ਦਰਬਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਰਾਹਤ ਕਾਰਜਾਂ ਚ ਸਹਿਯੋਗ ਪਾਉਣ ਦੀ ਅਪੀਲ ਕੀਤੀ। ਐਡਵੋਕੇਟ ਧਾਮੀ ਵਲੋਂ ਯੋਗ ਗੁਰੂ ਰਾਮਦੇਵ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ 23 ਤੋਂ 25 ਨਵੰਬਰ ਤਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਚ ਦਿਤੇ ਸੱਦੇ ਨੂੰ ਕਬੂਲਦਿਆਂ ਯੋਗ ਗੁਰੂ ਰਾਮਦੇਵ ਨੇ ਐਡਵੋਕੇਟ ਧਾਮੀ ਵਲੋਂ ਲਾਈ ਹਰ ਸੇਵਾ ਕਬੂਲਣ ਦਾ ਦਿਤਾ ਭਰੋਸਾ।
