ਯਮਨ ਨੇ ਕੇਰਲ ਦੀ ਨਰਸ ਨਿਮਿਸ਼ਾ ਪ੍ਰਿਆ ਦੀ ਫਾਂਸੀ ‘ਤੇ ਲਗਾਈ ਰੋਕ

0
Screenshot 2025-07-15 165535

ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

ਨਵੀਂ ਦਿੱਲੀ/ਸਨਾ, 15 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਕੇਰਲ ਦੀ ਰਹਿਣ ਵਾਲੀ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਯਮਨ ਵਿਚ ਫਾਂਸੀ ‘ਤੇ ਫਿਲਹਾਲ ਰੋਕ ਲਗਾ ਦਿਤੀ ਗਈ ਹੈ। ਯਮਨ ਦੇ ਅਧਿਕਾਰੀਆਂ ਨੇ ਇਹ ਫੈਸਲਾ ਭਾਰਤ ਸਰਕਾਰ ਦੇ ਦਖਲ ਅਤੇ ਕੇਰਲ ਦੇ ਪ੍ਰਮੁੱਖ ਸੁੰਨੀ ਨੇਤਾ ਕਾਂਥਾਪੁਰਮ ਏ.ਪੀ. ਅਬੂਬਕਰ ਮੁਸਲੀਅਰ ਦੀ ਵਿਚੋਲਗੀ ਤੋਂ ਬਾਅਦ ਲਿਆ ਹੈ।

ਨਿਮਿਸ਼ਾ ਪ੍ਰਿਆ ਨੂੰ ਸਾਲ 2017 ਵਿਚ ਉਸਦੇ ਯਮਨੀ ਕਾਰੋਬਾਰੀ ਸਾਥੀ ਤਲਾਲ ਅਬਦੋ ਮਹਦੀ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਸਨੂੰ 2020 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਦੋਂ ਕਿ ਆਖਰੀ ਅਪੀਲ 2023 ਵਿਚ ਰੱਦ ਕਰ ਦਿਤੀ ਗਈ ਸੀ। ਉਸਦੀ ਫਾਂਸੀ ਦੀ ਮਿਤੀ 16 ਜੁਲਾਈ 2025 ਨਿਰਧਾਰਤ ਕੀਤੀ ਗਈ ਸੀ, ਪਰ ਹੁਣ ਇਸਨੂੰ ਅਸਥਾਈ ਤੌਰ ‘ਤੇ ਰੋਕ ਦਿਤਾ ਗਿਆ ਹੈ।

ਸੂਤਰਾਂ ਅਨੁਸਾਰ ਭਾਰਤ ਸਰਕਾਰ ਨੇ ਨਿਮਿਸ਼ਾ ਦੇ ਪਰਿਵਾਰ ਨੂੰ ਪੀੜਤ ਧਿਰ ਨਾਲ ਸਮਝੌਤਾ ਕਰਨ ਲਈ ਹੋਰ ਸਮਾਂ ਪ੍ਰਾਪਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ। ਭਾਰਤੀ ਦੂਤਾਵਾਸ ਦੇ ਅਧਿਕਾਰੀ ਯਮਨ ਦੇ ਸਰਕਾਰੀ ਵਕੀਲ ਦੇ ਦਫ਼ਤਰ ਅਤੇ ਜੇਲ੍ਹ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿਚ ਹਨ।

ਧਿਆਨ ਦੇਣ ਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ, ਜਿਸ ਵਿਚ ਫਾਂਸੀ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਕੇਂਦਰ ਸਰਕਾਰ ਵਲੋਂ ਅਟਾਰਨੀ ਜਨਰਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਭਾਰਤ ਯਮਨ ਦੇ ਸੰਪਰਕ ਵਿਚ ਹੈ ਅਤੇ ਜਦੋਂ ਤਕ ਗੱਲਬਾਤ ਜਾਰੀ ਰਹੇਗੀ, ਫਾਂਸੀ ਨੂੰ ਮੁਲਤਵੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

ਇਸ ਸਮੇਂ ਨਿਮਿਸ਼ਾ ਪ੍ਰਿਆ ਯਮਨ ਦੀ ਰਾਜਧਾਨੀ ਸਨਾ ਦੀ ਜੇਲ੍ਹ ਵਿਚ ਬੰਦ ਹੈ ਅਤੇ ਮਾਮਲੇ ਨੂੰ ਹੱਲ ਕਰਨ ਲਈ ਕੂਟਨੀਤਕ ਪੱਧਰ ‘ਤੇ ਗੱਲਬਾਤ ਚੱਲ ਰਹੀ ਹੈ।

Leave a Reply

Your email address will not be published. Required fields are marked *