ਖੰਨਾ ‘ਚ ਤਸਕਰ ਦੀ ਗੈਰਕਾਨੂੰਨੀ ਉਸਾਰੀ ‘ਤੇ ਚੱਲਿਆ ਪੀਲਾ ਪੰਜਾ

0
jcb

ਖੰਨਾ, 20 ਜੂਨ (ਨਿਊਜ਼ ਟਾਊਨ ਨੈਟਵਰਕ) : ਖੰਨਾ ਦੇ ਮਲੌਦ ਪਿੰਡ ਵਿਚ ਨਸ਼ਾ ਤਸਕਰੀ ਦੇ ਦੋਸ਼ੀ ਅਮਰੀਕ ਸਿੰਘ ਦੇ ਗੈਰਕਾਨੂੰਨੀ ਨਿਰਮਾਣ ‘ਤੇ ਪ੍ਰਸ਼ਾਸਨ ਵਲੋਂ ਵੱਡੀ ਕਾਰਵਾਈ ਕੀਤੀ ਗਈ। ਐਸਐਸਪੀ ਡਾ. ਜਯੋਤੀ ਯਾਦਵ ਦੀ ਅਗਵਾਈ ਹੇਠ ਪੁਲਿਸ ਅਤੇ ਨਗਰ ਪੰਚਾਇਤ ਦੀ ਸਾਂਝੀ ਟੀਮ ਨੇ ਬੁਲਡੋਜ਼ਰ ਚਲਾ ਕੇ ਗੈਰਕਾਨੂੰਨੀ ਇਮਾਰਤ ਨੂੰ ਢਾਹ ਦਿਤਾ।

ਐਸਪੀ (ਹੈੱਡਕੁਆਰਟਰ) ਤੇਜ਼ਬੀਰ ਸਿੰਘ ਹੁੰਦਲ ਨੇ ਦੱਸਿਆ ਕਿ ਅਮਰੀਕ ਸਿੰਘ ਉੱਤੇ ਨਸ਼ਾ ਤਸਕਰੀ ਦੇ ਤਿੰਨ ਕੇਸ ਦਰਜ ਹਨ। ਉਹ ਅਫੀਮ ਅਤੇ ਭੁੱਕੀ ਦੀ ਤਸਕਰੀ ਕਰਦਾ ਸੀ। ਕੁਝ ਦਿਨ ਪਹਿਲਾਂ ਹੀ ਉਹ ਇਕ ਮਾਮਲੇ ਵਿਚ ਜਮਾਨਤ ‘ਤੇ ਬਾਹਰ ਆਇਆ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਅਮਰੀਕ ਸਿੰਘ ਨੇ ਨਗਰ ਪੰਚਾਇਤ ਮਲੌਦ ਦੀ ਜ਼ਮੀਨ ‘ਤੇ ਗੈਰਕਾਨੂੰਨੀ ਤੌਰ ‘ਤੇ ਨਿਰਮਾਣ ਕਰ ਰੱਖਿਆ ਸੀ। ਕਈ ਵਾਰ ਨੋਟਿਸ ਜਾਰੀ ਕੀਤੇ ਗਏ ਪਰ ਦੋਸ਼ੀ ਪਰਿਵਾਰ ਵਲੋਂ ਕੋਈ ਜਵਾਬ ਨਹੀਂ ਦਿਤਾ ਗਿਆ। ਇਸ ਤੋਂ ਬਾਅਦ ਨਗਰ ਪੰਚਾਇਤ ਨੇ ਪੁਲਿਸ ਦੀ ਮਦਦ ਲਈ ਅਰਜ਼ੀ ਦਿਤੀ। ਐਸਐਸਪੀ ਦੇ ਹੁਕਮ ‘ਤੇ ਪੁਲਿਸ ਨੇ ਨਗਰ ਪੰਚਾਇਤ ਨੂੰ ਫੋਰਸ ਦਿਤੀ ਤੇ ਸ਼ੁੱਕਰਵਾਰ ਨੂੰ ਉਸਾਰੀ ਨੂੰ ਢਾਹ ਦਿੱਤਾ ਗਿਆ।

ਐਸਪੀ ਹੁੰਦਲ ਨੇ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਚ ਬਖ਼ਸ਼ਿਆ ਨਹੀਂ ਜਾਵੇਗਾ। ਪੰਜਾਬ ਪੁਲਿਸ ਨਸ਼ੇ ਦੇ ਕਾਰੋਬਾਰ ਨੂੰ ਸਮਾਪਤ ਕਰਨ ਲਈ ਵਚਨਬੱਧ ਹੈ ਅਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।

ਕਾਰਵਾਈ ਦੌਰਾਨ ਡੀਐਸਪੀ ਹੇਮੰਤ ਮਲ੍ਹੋਤਰਾ, ਐਸਐਚਓ ਸਤਨਾਮ ਸਿੰਘ ਅਤੇ ਨਗਰ ਪੰਚਾਇਤ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਸਨ। ਪੁਲਿਸ ਨੇ ਖੇਤਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਨਸ਼ਾ ਵੇਚਣ ਵਾਲਿਆਂ ਅਤੇ ਉਨ੍ਹਾਂ ਦੇ ਰੱਖਵਾਲਿਆਂ ‘ਤੇ ਸਖ਼ਤ ਕਾਰਵਾਈ ਜਾਰੀ ਰਹੇਗੀ।

Leave a Reply

Your email address will not be published. Required fields are marked *