ਰੂਸ ਵਿਚ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਭੂਚਾਲ, ਤੀਬਰਤਾ 8.8


ਸੁਨਾਮੀ ਦੀਆਂ 5 ਮੀਟਰ ਉੱਚੀਆਂ ਲਹਿਰਾਂ ਆਈਆਂ
ਅਮਰੀਕਾ ਦੇ ਅਲਾਸਕਾ-ਹਵਾਈ-ਕੈਲੀਫੋਰਨੀਆ ਤਕ ਟਕਰਾਈਆਂ ਲਹਿਰਾਂ
ਜਾਪਾਨ ਨੇ ਵੀ ਟੋਕੀਓ ਦੇ 20 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ

ਟੋਕੀਓ, 30 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਰੂਸ ਦੇ ਪੂਰਬੀ ਪ੍ਰਾਇਦੀਪ ਕਾਮਚਟਕਾ ਵਿਚ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਭੂਚਾਲ ਆਇਆ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਮੁਤਾਬਕ ਭੂਚਾਲ ਦੀ ਤੀਬਰਤਾ 8.8 ਸੀ। ਇਹ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ 4:54 ਵਜੇ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 19.3 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਜਾਣਕਾਰੀ ਮੁਤਾਬਕ ਸੁਨਾਮੀ ਦੀਆਂ ਲਹਿਰਾਂ ਅਮਰੀਕਾ ਦੇ ਅਲਾਸਕਾ ਅਤੇ ਹਵਾਈ ਟਾਪੂਆਂ ਤਕ ਪਹੁੰਚ ਗਈਆਂ ਹਨ। ਭੂਚਾਲ ਤੋਂ ਬਾਅਦ ਰੂਸ ਦੇ ਕਾਮਚਟਕਾ ਵਿਚ ਪਹਾੜ ਦਾ ਇੱਕ ਹਿੱਸਾ ਖਿਸਕ ਕੇ ਸਮੁੰਦਰ ਵਿਚ ਡਿੱਗ ਪਿਆ। ਕਾਮਚਟਕਾ ਵਿਚ 5 ਮੀਟਰ ਉੱਚੀ ਸੁਨਾਮੀ ਆਈ ਹੈ। ਇਸ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਕਾਮਚਟਕਾ ਵਿਚ ਸੁਨਾਮੀ ਕਾਰਨ ਕਈ ਘਰ ਤੈਰਦੇ ਦੇਖੇ ਗਏ। ਕਾਮਚਟਕਾ ਦੇ ਰਾਜਪਾਲ ਵਲਾਦੀਮੀਰ ਸੋਲੋਡੋਵ ਨੇ ਇਕ ਵੀਡੀਓ ਪੋਸਟ ਕੀਤੀ ਤੇ ਕਿਹਾ ਕਿ ਅੱਜ ਦਾ ਭੂਚਾਲ ਦਹਾਕਿਆਂ ਵਿਚ ਸਭ ਤੋਂ ਸ਼ਕਤੀਸ਼ਾਲੀ ਸੀ। ਉਨ੍ਹਾਂ ਕਿਹਾ ਕਿ ਇਕ ਕਿੰਡਰਗਾਰਟਨ ਸਕੂਲ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਅਮਰੀਕਾ ਵਿਚ ਕੈਲੀਫੋਰਨੀਆ ਦੇ ਲੋਕਾਂ ਨੂੰ ਸਮੁੰਦਰੀ ਕੰਢੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਚੀਨ, ਫਿਲੀਪੀਨਜ਼, ਇੰਡੋਨੇਸ਼ੀਆ, ਨਿਊਜ਼ੀਲੈਂਡ, ਪੇਰੂ ਅਤੇ ਮੈਕਸੀਕੋ ਨੇ ਵੀ ਆਪਣੇ ਤੱਟਵਰਤੀ ਖੇਤਰਾਂ ਵਿਚ ਸੁਨਾਮੀ ਅਲਰਟ ਜਾਰੀ ਕੀਤੇ ਹਨ। ਜਾਪਾਨ ਦੇ ਐਨਐਚਕੇ ਟੈਲੀਵਿਜ਼ਨ ਦੇ ਅਨੁਸਾਰ ਇਕ ਫੁੱਟ ਉੱਚੀਆਂ ਸੁਨਾਮੀ ਲਹਿਰਾਂ ਦੇਸ਼ ਦੇ ਪੂਰਬੀ ਤੱਟ ਦੇ ਨੇੜੇ ਪਹੁੰਚ ਗਈਆਂ ਹਨ। ਜਾਪਾਨ ਨੇ ਰਾਜਧਾਨੀ ਟੋਕੀਓ ਵਿਚ 20 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਹੈ। ਇਸ ਤੋਂ ਇਲਾਵਾ ਇਸਦੇ ਫੁਕੁਸ਼ੀਮਾ ਪ੍ਰਮਾਣੂ ਰਿਐਕਟਰ ਨੂੰ ਖਾਲੀ ਕਰਵਾ ਲਿਆ ਗਿਆ ਹੈ। ਜਾਪਾਨ ਨੇ ਕਿਹਾ ਹੈ ਕਿ ਸੁਨਾਮੀ ਲਹਿਰਾਂ ਇਕ ਦਿਨ ਤੋਂ ਵੱਧ ਸਮੇਂ ਲਈ ਆ ਸਕਦੀਆਂ ਹਨ।

