ਸਿੱਖਿਆ ਬੋਰਡ ਦੇ ਮਹਿਲਾ ਸਟਾਫ਼ ਨੇ ਮਨਾਇਆ ਤੀਆਂ ਦਾ ਤਿਓਹਾਰ


(ਲਖਵੀਰ ਸਿੰਘ)
ਮੋਹਾਲੀ, 27 ਜੁਲਾਈ : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਮੂਹ ਮਹਿਲਾ ਕਰਮਚਾਰਨਾਂ ਅਤੇ ਅਧਿਕਾਰਨਾਂ ਵਲੋਂ ਬੜੇ ਹੀ ਮਨਮੋਹਕ ਅੰਦਾਜ਼ ਵਿੱਚ ਤੀਆਂ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਸਾਬਕਾ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ, ਦੇ ਪਹਿਲੇ ਮਹਿਲਾ ਡਾਇਰੈਕਟਰ, ਸੰਗੀਤਾ ਤੂਰ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਦੇ ਆਉਣ ਨਾਲ ਇਸ ਸ਼ਗਨਾਂ ਭਰੇ ਵਿਹੜੇ ਨੂੰ ਹੋਰ ਵੀ ਚਾਰ ਚੰਦ ਲੱਗ ਗਏ। ਉਨ੍ਹਾਂ ਨੇ ਇਸ ਪ੍ਰੋਗਰਾਮ ਦਾ ਬਹੁਤ ਆਨੰਦ ਮਾਣਿਆ ਅਤੇ ਨਾਲ ਹੀ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਮਿੰਦਰ ਕੌਰ ਵੱਲੋਂ ਤੀਆਂ ਦਾ ਜੋ ਪ੍ਰੋਗਰਾਮ ਤਿਆਰ ਕਰਵਾਇਆ ਗਿਆ ਹੈ, ਬਹੁਤ ਹੀ ਸਲਾਹੁਣਯੋਗ ਹੈ। ਉਨ੍ਹਾਂ ਨੇ ਪੰਜਾਬੀ ਵਿਸ਼ਾ ਮਾਹਿਰ ਪਰਮਿੰਦਰ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦਫਤਰੀ ਕੰਮ ਦੇ ਰੁਝੇਵੇਂ ਹੁੰਦੇ ਹੋਏ ਵੀ ਅਜਿਹੇ ਪ੍ਰੋਗਰਾਮ ਕਰਨਾ, ਆਪਣੇ ਸਮਾਜ ਅਤੇ ਆਪਣੀਆਂ ਪੁਰਾਣੀਆਂ ਸਮਾਜਿਕ ਰੀਤਾਂ ਨੂੰ ਜੀਵਤ ਰੱਖਣ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਮੌਕੇ ਡਿਪਟੀ ਸਕੱਤਰ, ਡਾ ਗੁਰਮੀਤ ਕੌਰ ਨੇ ਵੀ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ। ਡਿਪਟੀ ਡਾਇਰੈਕਟਰ ਨਵਨੀਤ ਕੌਰ ਨੇ ਵੀ ਪ੍ਰਗੋਰਾਮ ਦੀ ਸ਼ਲਾਘਾ ਕਰਦਿਆਂ ਪੇਸ਼ ਕੀਤੇ ਗਏ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਦਾ ਵਧੀਆ ਉਪਰਾਲਾ ਦੱਸਿਆ।
