ਪੀ. ਚਿਦੰਬਰਮ ਦੇ ਬਿਆਨ ਤੋਂ ਬਾਅਦ ਕੀ ਹੁਣ ਕਾਂਗਰਸ ਪਾਪ ਕਰਨ ਦੀ ਮੁਆਫ਼ੀ ਮੰਗੇਗੀ?

ਸੰਪਾਦਕੀ

ਕਾਂਗਰਸ ਦੇ ਇਕ ਸੀਨੀਅਰ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਸਪੱਸ਼ਟ ਕੀਤਾ ਹੈ ਕਿ ਜੂਨ 1984 ਦਾ ਆਪ੍ਰੇਸ਼ਨ ਬਲੂ ਸਟਾਰ ਇਕ “ਗ਼ਲਤੀ” ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਈ। ਪੀ. ਚਿਦੰਬਰਮ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਭੱਖ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਜਪਾ ਆਗੂਆਂ ਨੇ ਵੀ ਇਸ ਬਾਰੇ ਤਿੱਖੀ ਪ੍ਰਤੀਕਿਰਿਆ ਦਿਤੀ। ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਵਿਚ ਕਾਂਗਰਸ ਦੀ ਚੰਗੀ ਖਿਚਾਈ ਕੀਤੀ। ਜੂਨ 1984 ਦੇ ਪਹਿਲੇ ਹਫ਼ਤੇ ਅੰਮ੍ਰਿਤਸਰ ਦਰਬਾਰ ਸਾਹਿਬ ਕੰਪਲੈਕਸ ਵਿਚ ਭਾਰਤੀ ਫ਼ੌਜ ਦੀ ਕਾਰਵਾਈ ਨੂੰ ‘ਆਪ੍ਰੇਸ਼ਨ ਬਲੂ ਸਟਾਰ’ ਵਜੋਂ ਜਾਣਿਆ ਜਾਂਦਾ ਹੈ। ਭਾਰਤ ਸਰਕਾਰ ਦੇ ਦਾਅਵੇ ਅਨੁਸਾਰ, ਇਹ ਫ਼ੌਜੀ ਕਾਰਵਾਈ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਹਥਿਆਰਬੰਦ ਸਾਥੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਬਾਹਰ ਕੱਢਣ ਲਈ ਸ਼ੁਰੂ ਕੀਤੀ ਗਈ ਸੀ। ਚਿਦੰਬਰਮ ਦਾ ਤਾਜ਼ਾ ਬਿਆਨ ਪੱਤਰਕਾਰ ਅਤੇ ਲੇਖਕਾ ਹਰਿੰਦਰ ਬਵੇਜਾ ਨਾਲ ਉਨ੍ਹਾਂ ਦੀ ਕਿਤਾਬ ʻਦੇ ਵਿਲ ਸ਼ੂਟ ਯੂ ਮੈਡਮ: ਮਾਈ ਲਾਈਫ਼ ਥ੍ਰੋ ਕਨਫ਼ਲਿਕਟʼ ਬਾਰੇ ਚਰਚਾ ਦੌਰਾਨ ਆਇਆ। ਉਨ੍ਹਾਂ ਨੇ ਕਿਹਾ, “ਮੈਂ ਇਥੇ ਮੌਜੂਦ ਕਿਸੇ ਵੀ ਫ਼ੌਜੀ ਅਧਿਕਾਰੀ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ ਪਰ (ਬਲੂ ਸਟਾਰ) ਗੋਲਡਨ ਟੈਂਪਲ ਵਾਪਸ ਲੈਣ ਦਾ ਗ਼ਲਤ ਤਰੀਕਾ ਸੀ।” ਸਾਬਕਾ ਗ੍ਰਹਿ ਮੰਤਰੀ ਨੇ ਕਿਹਾ, “ਕੁਝ ਸਾਲਾਂ ਬਾਅਦ ਅਸੀਂ ਫ਼ੌਜ ਨੂੰ ਸ਼ਾਮਲ ਕੀਤੇ ਬਿਨਾਂ ਗੋਲਡਨ ਟੈਂਪਲ ਵਾਪਸ ਲੈਣ ਦਾ ਸਹੀ ਰਸਤਾ ਦਿਖਾਇਆ।” ਪੀ. ਚਿਦੰਬਰਮ ਨੇ ਕਿਹਾ ਕਿ ਇੰਦਰਾ ਗਾਂਧੀ ਨੂੰ ਇਸ “ਗ਼ਲਤੀ” ਲਈ ਇਕੱਲੇ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਬਲੂ ਸਟਾਰ ਇਕ ਗ਼ਲਤ ਤਰੀਕਾ ਸੀ ਅਤੇ ਮੇਰਾ ਮੰਨਣਾ ਹੈ ਕਿ ਇੰਦਰਾ ਗਾਂਧੀ ਨੇ ਉਸ ਗ਼ਲਤੀ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਈ ਪਰ ਉਹ ਗ਼ਲਤੀ ਫ਼ੌਜ, ਪੁਲਿਸ, ਖ਼ੁਫ਼ੀਆ ਏਜੰਸੀਆਂ ਅਤੇ ਸਿਵਲ ਸੇਵਾ ਦੇ ਸਮੂਹਕ ਫ਼ੈਸਲੇ ਦਾ ਨਤੀਜਾ ਸੀ।” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ, ” ਚਿਦੰਬਰਮ ਸਾਹਿਬ ਬਿਲਕੁਲ ਸਹੀ ਹਨ, ਤੁਸੀਂ ਇਕ ਗੱਲ ਤਾਂ ਬਿਲਕੁਲ ਸਹੀ ਬੋਲ ਰਹੇ ਹੋ ਕਿ ਆਪਰੇਸ਼ਨ ਬਲੂ ਸਟਾਰ ਨੂੰ ਰੋਕਿਆ ਜਾ ਸਕਦਾ ਸੀ, ਇਹ ਠੀਕ ਨਹੀਂ ਹੋਇਆ। ਪਰ ਇਕ ਹੋਰ, ਸ਼ੁਰੂ ਤੋਂ ਹੀ, ਕਾਂਗਰਸ ਵਲੋਂ ਬੜਾ ਝੂਠ ਬੋਲਿਆ ਜਾ ਰਿਹਾ ਅਤੇ ਹੁਣ ਤੁਸੀਂ ਇਸ ਵਿਚ ਹੋਰ ਵਾਧਾ ਕਰ ਦਿਤਾ ਹੈ ਕਿ ਇੰਦਰਾ ਗਾਂਧੀ ਇਕੱਲੀ ਜ਼ਿੰਮੇਵਾਰ ਨਹੀਂ ਹੈ। ਇਹ ਕੋਈ ਭਰੋਸੇਯੋਗ ਗੱਲ ਨਹੀਂ ਹੈ ਕਿਉਂਕਿ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਅਤੇ ਇਹ ਉਨ੍ਹਾਂ ਦਾ ਫ਼ੈਸਲਾ ਸੀ। ਇਸ ਫ਼ੈਸਲੇ ਨੂੰ ਲਾਗੂ ਕਰਨ ਲਈ ਪਾਰਟੀ ਦੇ ਕਈ ਹੋਰ ਲੋਕ ਵੀ ਸਹਿਮਤ ਸਨ ਪਰ ਅੱਜ ਇਹ ਗੱਲ ਕਹਿਣਾ ਕਿ ਇੰਦਰਾ ਗਾਂਧੀ ਦਾ ਕਸੂਰ ਨਹੀਂ ਹੈ, ਇਹ ਗੱਲ ਆਪਣੇ ਆਪ ਵਿਚ ਗ਼ਲਤ ਹੈ।” ਦੂਜੇ ਪਾਸੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਪੀ. ਚਿਦੰਬਰਮ ਦੀ ਆਪ੍ਰੇਸ਼ਨ ਬਲੂ ਸਟਾਰ ‘ਤੇ ਟਿੱਪਣੀ ਉਪਰ ਪ੍ਰਤੀਕਿਰਿਆ ਦਿੰਦਿਆਂ ਆਖਿਆ, “ਚਿਦੰਬਰਮ ਦੀ ਟਿੱਪਣੀ ਕਾਂਗਰਸ ਦੀ ਇਤਿਹਾਸਕ ਗ਼ਲਤੀ ਨੂੰ ਉਜਾਗਰ ਕਰਦੀ ਹੈ। ਇਹ ਕਹਿਣਾ ਕਿ ਇੰਦਰਾ ਗਾਂਧੀ ਇਕੱਲੇ ਜ਼ਿੰਮੇਵਾਰ ਨਹੀਂ ਸੀ, ਇਹ ਕਿਸੇ ਵੀ ਸੂਰਤ ਵਿਚ ਅਸਵੀਕਾਰਨਯੋਗ ਹੈ।” ਚਿਦੰਬਰਮ ਦੇ ਇਸ ਬਿਆਨ ʼਤੇ ਕਾਂਗਰਸ ਪਾਰਟੀ ਦੇ ਆਗੂ ਰਾਸ਼ਿਦ ਅਲਵੀ ਨੇ ਕਿਹਾ, “ਆਪ੍ਰੇਸ਼ਨ ਬਲੂ ਸਟਾਰ ਸਹੀ ਸੀ ਜਾਂ ਗ਼ਲਤ, ਇਹ ਇਕ ਵੱਖਰਾ ਮਾਮਲਾ ਹੈ ਪਰ ਅੱਜ 50 ਸਾਲਾਂ ਬਾਅਦ ਪੀ ਚਿਦੰਬਰਮ ਇਕ-ਇਕ ਕਰ ਕੇ ਕਾਂਗਰਸ ਅਤੇ ਇੰਦਰਾ ਗਾਂਧੀ ‘ਤੇ ਹਮਲਾ ਕਰ ਰਹੇ ਹਨ। ਇਹ ਤਾਂ ਉਹੀ ਕੰਮ ਕਰ ਰਹੇ ਹਨ ਜੋ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਕਰ ਰਹੇ ਹਨ। ਇਹ ਮੰਦਭਾਗਾ ਹੈ। ਚਿਦੰਬਰਮ ਦੇ ਕਾਂਗਰਸ ਪਾਰਟੀ ‘ਤੇ ਇਕ ਵਾਰ ਹਮਲਾ ਕਰਨ ਕਾਰਨ ਕਈ ਸ਼ੰਕੇ ਪੈਦਾ ਹੋ ਰਹੇ ਹਨ। ਉਨ੍ਹਾਂ ਵਿਰੁਧ ਅਪਰਾਧਿਕ ਮਾਮਲੇ ਅਜੇ ਵੀ ਚੱਲ ਰਹੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ʼਤੇ ਕੋਈ ਦਬਾਅ ਤਾਂ ਨਹੀਂ ਹੈ?”
ਪੀ. ਚਿਦੰਬਰਮ ਤੋਂ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਬਿਆਨ ਤੋਂ ਬਾਅਦ ਸਿੰਘ ਫਸਾਈ ਫਿਰਦੀਆਂ ਹਨ ਪਰ ਇਹ ਗੱਲ ਮੰਨਣਯੋਗ ਹੈ ਕਿ ਕੇਂਦਰ ਵਿਚ ਬੈਠੀਆਂ ਸਾਰੀਆਂ ਪਾਰਟੀਆਂ ਪੰਜਾਬ ਅਤੇ ਘੱਟ ਗਿਣਤੀਆਂ ਨੂੰ ਕੁਚਲਣ ਲਈ ਬੇਕਰਾਰ ਰਹਿੰਦੀਆਂ ਹਨ। ਜੇ ਬਲੂ ਸਟਾਰ ਅਪਰੇਸ਼ਨ ਰੋਕਿਆ ਜਾ ਸਕਦਾ ਸੀ ਤਾਂ ਇਸ ਨੂੰ ਅੰਜਾਮ ਦੇਣ ਵੇਲੇ ਨਰਮੀ ਕਿਉਂ ਨਾ ਵਰਤੀ ਗਈ? ਉਦੋਂ ਤਾਂ ਕੇਂਦਰ ਵਿਚ ਬੈਠਾ ਹਰ ਇਕ ਨੇਤਾ ਖ਼ੁਦ ਨੂੰ ਜ਼ਿਆਦਾ ਤੋਂ ਜ਼ਿਆਦਾ ਰਾਸ਼ਟਰਵਾਦੀ ਸਾਬਤ ਕਰਨ ਉਤੇ ਤੁਲਿਆ ਹੋਇਆ ਸੀ। ਹੁਣ ਭਾਜਪਾ, ਇਕੱਲੀ ਕਾਂਗਰਸ ਨੂੰ ਦੋਸ਼ ਦੇ ਰਹੀ ਹੈ ਜਦਕਿ ਆਪਰੇਸ਼ਨ ਬਲੂ ਸਟਾਰ ਕੇਂਦਰ ਵਿਚ ਸੱਤਾਧਾਰੀਆਂ ਅਤੇ ਵਿਰੋਧੀ ਧਿਰਾਂ ਵਿਚ ਬੈਠੀਆਂ ਸਾਰੀਆਂ ਸਿਆਸੀ ਪਾਰਟੀਆਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਕੀਤਾ ਗਿਆ ਸੀ। ਕੀ ਕੋਈ ਅਜਿਹੀ ਪਾਰਟੀ ਹੈ ਜਿਹੜੀ ਇਹ ਦਾਅਵਾ ਕਰੇ ਕਿ ਉਸ ਸਮੇਂ ਹੋਈ ਸਰਬ ਪਾਰਟੀ ਮੀਟਿੰਗ ਵਿਚ ਉਸ ਨੇ ਦਰਬਾਰ ਸਾਹਿਬ ਉਤੇ ਹਮਲੇ ਦਾ ਵਿਰੋਧ ਕੀਤਾ ਸੀ। ਪੀ. ਚਿਦੰਬਰਮ ਦਾ ਬਿਆਨ ਸਪੱਸ਼ਟ ਕਰਦਾ ਹੈ ਕਿ ਗ਼ਲਤੀ ਜਾਣਬੁਝ ਕੇ ਕੀਤੀ ਗਈ ਸੀ, ਇਸ ਲਈ ਸਮੁੱਚੀ ਕਾਂਗਰਸ ਨੂੰ ਨਾ ਸਿਰਫ਼ ਸਿੱਖ ਜਗਤ ਤੋਂ ਸਗੋਂ ਸਮੁੱਚੀ ਮਾਨਵਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਸ ਨੇ ਸੱਤਾ ਦੇ ਨਸ਼ੇ ਵਿਚ ਇਕ ਮੁਕੱਦਸ ਧਾਰਮਕ ਸਥਾਨ ਦੀ ਅਜ਼ਮਤ ਨੂੰ ਢਾਹ ਲਾਉਣ ਦਾ ਪਾਪ ਕੀਤਾ ਹੈ। ਹੁਣ ਪੀ. ਚਿਦੰਬਰਮ ਨੂੰ ਕਮਲਾ, ਮਾਨਸਿਕ ਰੋਗੀ ਜਾਂ ਦੁਸ਼ਮਣਾਂ ਦੇ ਹੱਥਾਂ ਵਿਚ ਖੇਡਣ ਵਾਲਾ ਕਹਿ ਕੇ ਖਹਿੜਾ ਨਹੀਂ ਛੁੱਟ ਸਕਦਾ।
ਮੁੱਖ ਸੰਪਾਦਕ