ਕਾਂਗਰਸ ਦਾ ਮੁੱਖ ਮੰਤਰੀ ਤਾਂ ਬਣਾਂਗੇ ਜੇਕਰ ਪਾਰਟੀ ਜਿੱਤੇਗੀ : ਸੁਖਜਿੰਦਰ ਸਿੰਘ ਰੰਧਾਵਾ

0
sukhjinder singh randhawa

ਚੰਡੀਗੜ੍ਹ, 5 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਅੰਦਰੂਨੀ ਕਲੇਸ਼ ਫਿਰ ਤੋਂ ਸਾਹਮਣੇ ਆ ਗਿਆ ਹੈ। ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੀ ਇਕ ਤਾਜ਼ਾ ਸੋਸ਼ਲ ਮੀਡੀਆ ਪੋਸਟ ਨੇ ਪਾਰਟੀ ਦੇ ਅੰਦਰ ਚੱਲ ਰਹੀ ਖਿੱਚੋਤਾਣੀ ਨੂੰ ਹੋਰ ਹਵਾ ਦੇ ਦਿਤੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸੇ ਦਾ ਨਾਮ ਲਏ ਬਿਨਾਂ ਸੰਕੇਤ ਦਿਤਾ ਕਿ ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਜਲਦਬਾਜ਼ੀ ਕਰਨਾ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਪੰਜਾਬੀ ਵਿਚ ਲਿਖਿਆ – “ਸਾਨੂੰ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਹੈ, ਮੁੱਖ ਮੰਤਰੀ ਤਾਂ ਬਣਾਂਗੇ ਜਦੋਂ ਪਾਰਟੀ ਜਿੱਤੇਗੀ। ਜੇਕਰ ਪਹਿਲਾਂ ਹੀ ਮੁੱਖ ਮੰਤਰੀ ਬਣ ਗਏ ਤਾਂ ਪਾਰਟੀ ਕਦੇ ਨਹੀਂ ਜਿਤੇਗੀ।”
ਦੱਸਣਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਪਿੱਛੇ ਸੂਬਾ ਲੀਡਰਸ਼ਿਪ ਵਿਚ ਅੰਦਰੂਨੀ ਕਲੇਸ਼ ਨੂੰ ਇਕ ਵੱਡਾ ਕਾਰਨ ਮੰਨਿਆ ਗਿਆ ਸੀ। ਇਸ ਤੋਂ ਬਾਅਦ ਹੋਈਆਂ ਉਪ ਚੋਣਾਂ ਵਿਚ ਵੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ ਉਪ ਚੋਣ ਇਸਦੀ ਤਾਜ਼ਾ ਉਦਾਹਰਣ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਦਾ ਅੰਦਰੂਨੀ ਕਲੇਸ਼ ਅਜੇ ਵੀ ਬਰਕਰਾਰ ਹੈ। ਚੋਣਾਂ ਤੋਂ ਪਹਿਲਾਂ ਹੀ ਆਸ਼ੂ ਦੀ ਉਮੀਦਵਾਰੀ ਨੂੰ ਲੈ ਕੇ ਪਾਰਟੀ ਅੰਦਰ ਮਤਭੇਦ ਉੱਭਰ ਕੇ ਸਾਹਮਣੇ ਆਏ ਸਨ। ਲੁਧਿਆਣਾ ਦੇ ਕਈ ਸਥਾਨਕ ਆਗੂਆਂ ਨੇ ਪ੍ਰਚਾਰ ਤੋਂ ਦੂਰੀ ਬਣਾਈ। ਇੰਨਾ ਹੀ ਨਹੀਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜੋ ਕਿ ਖੁਦ ਲੁਧਿਆਣਾ ਤੋਂ ਸੰਸਦ ਮੈਂਬਰ ਹਨ, ਸਿਰਫ਼ ਨਾਮਜ਼ਦਗੀ ਵਾਲੇ ਦਿਨ ਹੀ ਆਸ਼ੂ ਨਾਲ ਦਿਖੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਸ਼ੂ ਦੇ ਹੱਕ ਵਿਚ ਪ੍ਰਚਾਰ ਨਹੀਂ ਕੀਤਾ। ਚੋਣ ਨਤੀਜੇ ਤੋਂ ਬਾਅਦ ਆਗੂਆਂ ਵਿਚ ਆਰੋਪਾਂ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ। ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਧੜੇ ਆਹਮੋ-ਸਾਹਮਣੇ ਦਿਖੇ। ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਅਜੇ ਵੀ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ।
ਇਸ ਤੋਂ ਇਲਾਵਾ ਰੰਧਾਵਾ ਦੀ ਇਹ ਪੋਸਟ ਉਸ ਸਮੇਂ ਆਈ ਹੈ ਜਦੋਂ ਲੁਧਿਆਣਾ ਉਪ ਚੋਣ ਵਿਚ ਕਾਂਗਰਸ ਦੀ ਹਾਰ ਤੋਂ ਬਾਅਦ ਸੀਨੀਅਰ ਆਗੂਆਂ ਨੇ ਅਸੰਤੁਸ਼ਟੀ ਪ੍ਰਗਟ ਕੀਤੀ ਹੈ। ਲੁਧਿਆਣਾ ਪੱਛਮੀ ਉਪ ਚੋਣ 19 ਜੂਨ 2025 ਨੂੰ ਹੋਈ ਸੀ ਅਤੇ ਇਸਦੇ ਨਤੀਜੇ 23 ਜੂਨ ਨੂੰ ਐਲਾਨੇ ਗਏ ਸਨ। ਸੀਨੀਅਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਇਸ ਸੀਟ ਤੋਂ ਉਮੀਦਵਾਰ ਸਨ। ਭਾਰਤ ਭੂਸ਼ਣ ਆਸ਼ੂ ਇਲਾਕੇ ਵਿਚ ਇਕ ਮਜ਼ਬੂਤ ਆਗੂ ਮੰਨੇ ਜਾਂਦੇ ਸਨ ਪਰ ਇਸ ਵਾਰ ਉਹ ‘ਆਪ’ ਦੇ ਸੰਜੀਵ ਅਰੋੜਾ ਤੋਂ ਹਾਰ ਗਏ। ਆਸ਼ੂ ਨੂੰ 24,542 ਵੋਟਾਂ ਮਿਲੀਆਂ, ਜਦੋਂ ਕਿ ਅਰੋੜਾ ਨੇ 35,179 ਵੋਟਾਂ ਜਿੱਤੀਆਂ ਅਤੇ 10,637 ਵੋਟਾਂ ਦੀ ਵੱਡੀ ਜਿੱਤ ਦਰਜ ਕੀਤੀ।

Leave a Reply

Your email address will not be published. Required fields are marked *