ਦੇਸ਼ ’ਚ ਥੋਕ ਮਹਿੰਗਾਈ ਜਨਵਰੀ ’ਚ ਵਧ ਕੇ 1.81 ਫ਼ੀ ਸਦ ਹੋਈ

0
inflation

ਨਵੀਂ ਦਿੱਲੀ, 16 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਦੇਸ਼ ’ਚ ਥੋਕ ਮਹਿੰਗਾਈ ਜਨਵਰੀ ਦੌਰਾਨ ਲਗਾਤਾਰ ਤੀਜੇ ਮਹੀਨੇ ਵਧ ਕੇ 1.81 ਫ਼ੀ ਸਦ ’ਤੇ ਪਹੁੰਚ ਗਈ। ਭੋਜਨ ਪਦਾਰਥ, ਗ਼ੈਰ-ਭੋਜਨ ਪਦਾਰਥ ਅਤੇ ਨਿਰਮਿਤ ਉਤਪਾਦਾਂ ਦੀਆਂ ਕੀਮਤਾਂ ’ਚ ਮਹੀਨਾਵਾਰ ਆਧਾਰ ’ਤੇ ਵਾਧਾ ਇਸ ਦਾ ਮੁੱਖ ਕਾਰਨ ਰਿਹਾ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਮਿਲੀ। ਥੋਕ ਮੁੱਖ ਸੂਚਕ ਅੰਕ (ਡਬਲਿਊ.ਪੀ.ਆਈ.) ਅਧਾਰਤ ਮਹਿੰਗਾਈ ਦਰ ਪਿਛਲੇ ਸਾਲ ਜਨਵਰੀ ’ਚ 2.51 ਫ਼ੀ ਸਦ ਜਦਕਿ ਦਸੰਬਰ 2025 ’ਚ 0.82 ਫ਼ੀ ਸਦ ਰਹੀ ਸੀ। ਉਦਯੋਗ ਮੰਤਰਾਲਾ ਨੇ ਬਿਆਨ ’ਚ ਕਿਹਾ, ‘‘ਜਨਵਰੀ 2026 ’ਚ ਥੋਕ ਮਹਿੰਗਾਈ ਵਧਣ ਦਾ ਮੁੱਖ ਕਾਰਨ ਮੂਲ ਧਾਤਾਂ ਦੇ ਨਿਰਮਾਣ, ਹੋਰ ਨਿਰਮਾਣ, ਗ਼ੈਰ-ਭੋਜਨ ਪਦਾਰਥ ਚੀਜ਼ਾਂ, ਭੋਜਨ ਪਦਾਰਥਾਂ ਅਤੇ ਕਪੜਿਆਂ ਆਦਿ ਦੀਆਂ ਕੀਮਤਾਂ ’ਚ ਵਾਧਾ ਰਿਹਾ। ਥੋਕ ਮੁੱਲ ਸੂਚਕ ਅੰਕ (ਡਬਲਿਊ.ਪੀ.ਆਈ.) ਦੇ ਅੰਕੜਿਆਂ ਅਨੁਸਾਰ ਜਨਵਰੀ ’ਚ ਭੋਜਨ ਪਦਾਰਥਾਂ ਦੀ ਮਹਿੰਗਾਈ ਦਰ 1.55 ਫ਼ੀ ਸਦ ਰਹੀ ਜਦਕਿ ਦਸੰਬਰ ’ਚ ਇਸ ’ਚ 0.43 ਫ਼ੀ ਸਦ ਦੀ ਗਿਰਾਵਟ ਦਰਜ ਕੀਤੀ ਗਈ ਸੀ। ਸਬਜ਼ੀਆਂ ਦੇ ਮਾਮਲੇ ’ਚ ਜਨਵਰੀ ’ਚ ਮਹਿੰਗਾਈ ਦਰ 6.78 ਫ਼ੀ ਸਦ ਰਹੀ ਜਦਕਿ ਦਸੰਬਰ ’ਚ ਇਸ ’ਚ 3.50 ਫ਼ੀ ਸਦ ਦੀ ਗਿਰਾਵਟ ਆਈ ਸੀ। ਨਿਰਮਿਤ ਉਤਪਾਦਾਂ ’ਚ ਥੋਕ ਮਹਿੰਗਾਈ ਜਨਵਰੀ ਤੋਂ ਵਧ ਕੇ 2.86 ਫ਼ੀ ਸਦ ਹੋ ਗਈ ਜੋ ਦਸੰਬਰ ’ਚ 1.82 ਫ਼ੀ ਸਦ ਸੀ। ਗ਼ੈਰ-ਭੋਜਨ ਪਦਾਰਥਾਂ ਦੀ ਸ਼੍ਰੇਣੀ ’ਚ ਮਹਿੰਗਾਈ ਜਨਵਰੀ ਦੌਰਾਨ ਤੇਜ਼ ਉਛਾਲ ਨਾਲ 7.58 ਹੋ ਗਈ ਜਦਕਿ ਦਸੰਬਰ ’ਚ ਇਹ 2.95 ਫ਼ੀ ਸਦ ਸੀ। ਬਾਲਣ ਅਤੇ ਬਿਜਲੀ ਖੇਤਰ ’ਚ ਮਹਿੰਗਾਈ ਦਰ ’ਚ ਗਿਰਾਵਟ ਜਾਰੀ ਰਹੀ। ਇਹ ਜਨਵਰੀ ’ਚ 4.01 ਫ਼ੀ ਸਦ ਰਹੀ ਸੀ ਜੋ ਦਸੰਬਰ ’ਚ 2.31 ਫ਼ੀ ਸਦ ਸੀ। ਸਰਕਾਰ ਵਲੋਂ ਪਿਛਲੇ ਹਫ਼ਤੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ਦੀ ਪ੍ਰਚੂਨ ਮਹਿੰਗਾਈ ਦਰ ਜਨਵਰੀ ’ਚ ਵਧ ਕੇ 2.75 ਫ਼ੀ ਸਦ ਹੋ ਗਈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਿਆਜ ਦਰਾਂ ਨੂੰ ਮਿੱਥਣ ਲਈ ਪ੍ਰਚੂਨ ਮਹਿੰਗਾਈ ਦਰ ਦਾ ਆਧਾਰ ਬਣਾਉਂਦਾ ਹੈ। ਕੇਂਦਰੀ ਬੈਂਕ ਨੇ ਚਾਲੂ ਵਿੱਤੀ ਵਰ੍ਹੇ 2025-26 ’ਚ ਅਜੇ ਤਕ ਨੀਤੀਗਤ ਦਰ ਰੇਪੋ ’ਚ 1.25 ਫ਼ੀ ਸਦ ਦੀ ਕਟੌਤੀ ਕੀਤੀ ਹੈ ਜੋ ਹੁਣ 5.5 ਫ਼ੀ ਸਦ ਹੈ।

Leave a Reply

Your email address will not be published. Required fields are marked *