ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਗੋਰਿਆਂ ਨੇ ਅੰਗਰੇਜ਼ੀ ਨੂੰ ਬਣਾਇਆ ਹਥਿਆਰ


ਸੰਪਾਦਕੀ : ਟੁੱਟੀ-ਫੁੱਟੀ ਅੰਗਰੇਜ਼ੀ ਸਿਖ ਕੇ ਹੁਣ ਇੰਗਲੈਂਡ ਨਹੀਂ ਜਾਇਆ ਜਾ ਸਕੇਗਾ

ਇੰਗਲੈਂਡ ਵਿਚ ਇਸ ਸਮੇਂ ਪ੍ਰਵਾਸੀਆਂ ਵਿਰੁਧ ਬਿਲਕੁਲ ਉਸੇ ਤਰ੍ਹਾਂ ਦੀ ਲਹਿਰ ਚੱਲ ਰਹੀ ਹੈ ਜਿਵੇਂ ਪੰਜਾਬ ਵਿਚ ਪ੍ਰਵਾਸੀ ਭਈਆਂ ਨੂੰ ਸੂਬੇ ਵਿਚੋਂ ਭਜਾਉਣ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਇੰਗਲੈਂਡ ਵਿਚ ਪਹਿਲੀ ਵਾਰ ਪ੍ਰਵਾਸੀਆਂ ਵਿਰੁਧ ਹਿੰਸਕ ਪ੍ਰਦਰਸ਼ਨ ਵੇਖਣ ਨੂੰ ਮਿਲੇ ਹਨ। ਗੋਰੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਪ੍ਰਵਾਸੀਆਂ ਵਿਰੁਧ ਭੜਕਾਊ ਨਾਹਰੇ ਲਾ ਰਹੇ ਹਨ ਅਤੇ ਪ੍ਰਵਾਸੀਆਂ ਵਿਰੁਧ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ।

ਇੰਗਲੈਂਡ ਦੀਆਂ ਸਰਕਾਰਾਂ ਹਮੇਸ਼ਾ ਹੀ ਦੂਰ-ਅੰਦੇਸ਼ੀ ਤੋਂ ਕੰਮ ਲੈਂਦੀਆਂ ਰਹੀਆਂ ਹਨ। ਇਸ ਮਸਲੇ ਨਾਲ ਨਜਿੱਠਣ ਲਈ ਵੀ ਸਰਕਾਰ ਨੇ ਤੁਰੰਤ ਅਪਣੇ ਨਿਯਮ ਸਖ਼ਤ ਕਰਨ ਦੀ ਨੀਤੀ ਤਿਆਰ ਕਰ ਲਈ ਹੈ। ਇਸ ਨੀਤੀ ਵਿਚ ਸਭ ਤੋਂ ਮਹੱਤਵਪੂਰਨ ਪਹਿਲੂ ਅੰਗਰੇਜ਼ੀ ਦਾ ਹੈ ਜਿਸ ਨੂੰ ਸਭ ਤੋਂ ਵੱਡੇ ਹਥਿਆਰ ਵਜੋਂ ਵਰਤਿਆ ਜਾਵੇਗਾ। ਹੁਣ ਜਿਹੜਾ ਕੋਈ ਵੀ ਪ੍ਰਵਾਸੀ ਇੰਗਲੈਂਡ ਵਿਚ ਕੰਮ ਕਰਨਾ ਚਾਹੀਦਾ ਹੈ, ਉਸ ਨੂੰ ਬਹੁਤ ਹੀ ਉੱਚ ਪੱਧਰੀ ਅੰਗਰੇਜ਼ੀ ਸਿੱਖਣੀ ਪਵੇਗੀ। ਜਿਹੜੇ ਘੱਟ ਪੜ੍ਹੇ-ਲਿਖੇ ਪ੍ਰਵਾਸੀ ਪਹਿਲਾਂ ਥੋੜੇ ਬਹੁਤ ਬੈਂਡ ਲੈ ਕੇ ਟੁੱਟੀ-ਫ਼ੁੱਟੀ ਅੰਗਰੇਜ਼ੀ ਦੇ ਸਹਾਰੇ ਹੀ ਇੰਗਲੈਂਡ ਜਾ ਕੇ ਕੰਮ ਲੱਗ ਜਾਂਦੇ ਹਨ, ਉਨ੍ਹਾਂ ਗਿਣਤੀ ਵਿਚ ਬਹੁਤ ਕਮੀ ਆਉਣ ਦੀ ਸੰਭਾਵਨਾ ਬਣ ਜਾਵੇਗੀ। ਇਸ ਨੀਤੀ ਨਾਲ ਇੰਗਲੈਂਡ ਵਿਚ ਪ੍ਰਵਾਸੀਆਂ ਦੀ ਆਮਦ ਉਤੇ ਸਖ਼ਤ ਕਾਬੂ ਪਵੇਗਾ। ਯੂ.ਕੇ. ਵਿਚ ਆਉਣ ਵਾਲੇ ਕੁਝ ਪਰਵਾਸੀਆਂ ਨੂੰ ਸਰਕਾਰ ਵਲੋਂ ਲਿਆਂਦੇ ਜਾਣ ਵਾਲੇ ਸਖ਼ਤ ਨਵੇਂ ਨਿਯਮਾਂ ਤਹਿਤ ਏ-ਲੈਵਲ ਪੱਧਰ ਤਕ ਅੰਗਰੇਜ਼ੀ ਬੋਲਣ ਦੀ ਲੋੜ ਹੋਵੇਗੀ। ਇਹ ਬਦਲਾਅ 8 ਜਨਵਰੀ, 2026 ਤੋਂ ਲਾਗੂ ਹੋਣਗੇ, ਜੋ ਕੁਝ ਗ੍ਰੈਜੂਏਟਸ ਅਤੇ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਜੋ ਸਕਿਲਡ ਵਰਕਰ ਜਾਂ ਸਕੇਲ-ਅੱਪ ਵੀਜ਼ਾ ਲਈ ਅਰਜ਼ੀਆਂ ਦੇ ਰਹੇ ਹਨ। ਇਹ ਵੀਜ਼ਾ ਉਨ੍ਹਾਂ ਲੋਕਾਂ ਲਈ ਹਨ ਜੋ ਤੇਜ਼ੀ ਨਾਲ ਵਧ ਰਹੇ ਕਾਰੋਬਾਰ ਵਿਚ ਕੰਮ ਕਰਦੇ ਹਨ।

ਨਵੇਂ ਨਿਯਮ ਯੂ.ਕੇ. ਵਿਚ ਪ੍ਰਵਾਸ ਦੇ ਪੱਧਰ ਨੂੰ ਘਟਾਉਣ ਦੀਆਂ ਯੋਜਨਾਵਾਂ ਦਾ ਹਿੱਸਾ ਹਨ, ਜਿਨ੍ਹਾਂ ਦੀ ਰੂਪ-ਰੇਖਾ ਮਈ ਵਿਚ ਲਿਆਂਦੇ ਇਕ ਵ੍ਹਾਈਟ ਪੇਪਰ ਵਿਚ ਪੇਸ਼ ਕੀਤੀ ਗਈ ਸੀ। ਇੰਗਲੈਂਡ ਦੀ ਗ੍ਰਹਿ ਸਕੱਤਰ ਸ਼ਬਾਨਾ ਮਹਮੂਦ ਨੇ ਸਪੱਸ਼ਟ ਕਰ ਦਿਤਾ ਹੈ ਕਿ ਜੇ ਤੁਸੀਂ ਇਸ ਦੇਸ਼ ਵਿਚ ਆਉਂਦੇ ਹੋ, ਤਾਂ ਤੁਹਾਨੂੰ ਸਾਡੀ ਭਾਸ਼ਾ ਸਿੱਖਣੀ ਚਾਹੀਦੀ ਹੈ ਅਤੇ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ। ਇਸ ਦੇਸ਼ ਨੇ ਉਨ੍ਹਾਂ ਲੋਕਾਂ ਦਾ ਹਮੇਸ਼ਾ ਸਵਾਗਤ ਕੀਤਾ ਹੈ ਜੋ ਇਸ ਦੇਸ਼ ਵਿਚ ਆਉਂਦੇ ਹਨ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਂਦੇ ਹਨ ਪਰ ਬਿਨ੍ਹਾਂ ਸਾਡੀ ਭਾਸ਼ਾ ਸਿੱਖੇ, ਸਾਡੇ ਰਾਸ਼ਟਰੀ ਜੀਵਨ ਵਿਚ ਯੋਗਦਾਨ ਪਾਉਣ ਵਿਚ ਅਸਮਰੱਥ ਪ੍ਰਵਾਸੀਆਂ ਦਾ ਇਥੇ ਆਉਣਾ ਨਾਮਨਜ਼ੂਰ ਹੈ। ਦੇਸ਼ ਦੇ ਗ੍ਰਹਿ ਆਫ਼ਿਸ ਵਲੋਂ ਮਨਜ਼ੂਰਸ਼ੁਦਾ ਅਧਿਕਾਰੀ ਵਿਅਕਤੀਗਤ ਤੌਰ ‘ਤੇ ਬਿਨੈਕਾਰਾਂ ਦੀ ਬੋਲਚਾਲ, ਸੁਣਨ, ਪੜ੍ਹਨ ਅਤੇ ਲਿਖਣ ਦੀ ਜਾਂਚ ਕਰਨਗੇ ਅਤੇ ਉਨ੍ਹਾਂ ਦੇ ਨਤੀਜੇ, ਵੀਜ਼ਾ ਪ੍ਰਕਿਰਿਆ ਦੇ ਹਿੱਸੇ ਵਜੋਂ ਜਾਂਚੇ ਜਾਣਗੇ। ਜੇ ਪ੍ਰਵਾਸੀਆਂ ਨੇ ਪਿਛਲੇ ਪੰਜ ਸਾਲਾਂ ਵਿਚ ਕਿਸੇ ਚੋਟੀ ਦੀ ਵਿਸ਼ਵ-ਪੱਧਰੀ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ ਹੈ ਤਾਂ ਉਹ ਹਾਈ ਪੋਟੈਂਸ਼ੀਅਲ ਇੰਡੀਵਿਜ਼ੁਅਲ ਵੀਜ਼ੇ ਲਈ ਅਰਜ਼ੀ ਦੇ ਸਕਦੇ ਹਨ। ਬ੍ਰਿਟਿਸ਼ ਕੌਂਸਲ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਕੋਰਸ ਮੁਹੱਈਆ ਕਰਵਾਉਣ ਵਾਲੀ ਸੰਸਥਾ ਹੈ। ਇਸ ਮੁਤਾਬਕ ਸਿਖਣ ਵਾਲੇ ਜਿਹੜੇ ਬੀ 2 ਲੈਵਲ ਹਾਸਲ ਕਰਦੇ ਹਨ, ਉਹ ਸੰਖੇਪ ਵਿਸ਼ਿਆਂ ‘ਤੇ ਗੁੰਝਲਦਾਰ ਭਾਸ਼ਾ ਵਿਚ ਲਿਖੇ ਗਏ ਲੇਖਾਂ ਦੇ ਮੁੱਖ ਵਿਚਾਰਾਂ ਨੂੰ ਸਮਝ ਸਕਦੇ ਹਨ। ਸਰਕਾਰ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਕਦਮ ਯੂ.ਕੇ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਪ੍ਰਤੀ ਸਾਲ 1 ਲੱਖ ਤਕ ਘਟਾ ਸਕਦੇ ਹਨ। ਯੂ.ਕੇ. ਵਿਚ 2024 ਵਿਚ ਕੁੱਲ ਸਥਾਈ ਪਰਵਾਸ ਵਿਚੋਂ ਕੁੱਲ ਸਥਾਈ ਤੌਰ ਉਤੇ ਦੇਸ਼ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਘਟਾਉਣ ਤੋਂ ਬਾਅਦ 431,000 ਰਹਿ ਗਈ ਸੀ, ਜੋ 2023 ਦੇ 906,000 ਦੇ ਰਿਕਾਰਡ ਉੱਚ ਪੱਧਰ ਦੇ ਮੁਕਾਬਲੇ ਤਕਰੀਬਨ 50 ਫ਼ੀ ਸਦ ਘੱਟ ਸੀ। ਅਕਸਫੋਰਡ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਆਬਜ਼ਰਵੇਟਰੀ ਦੀ ਡਾਇਰੈਕਟਰ ਡਾਕਟਰ ਮੈਡੇਲੀਨ ਸੰਪਸ਼ਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਰਵਾਸੀਆਂ ਦੁਆਰਾ ਚੰਗੀ ਅੰਗਰੇਜ਼ੀ ਬੋਲਣ ਨੂੰ ਯਕੀਨੀ ਬਣਾਉਣ ਅਤੇ ਮਾਲਕਾਂ ਨੂੰ ਅਜਿਹੇ ਕਰਮਚਾਰੀਆਂ ਦੀ ਭਰਤੀ ਕਰਨ ਦੇ ਸਮਰੱਥ ਕਰਨ ਦੇ ਵਿਚਕਾਰ ਇਕ ਸਮਝੌਤਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਤੋਂ ਆਰਥਿਕ ਲਾਭ ਦੀ ਉਮੀਦ ਕੀਤੀ ਜਾਂਦੀ ਹੈ। ਨਵੀਂ ਨੀਤੀ ਵਿਚ ਅੰਗਰੇਜ਼ੀ ਦੇ ਨਾਲ-ਨਾਲ ਹੋਰ ਵੀ ਕਾਫ਼ੀ ਕੁੱਝ ਤਬਦੀਲ ਹੋਵੇਗਾ। ਕੌਮਾਂਤਰੀ ਵਿਦਿਆਰਥੀਆਂ ਲਈ ਯੂ.ਕੇ. ਵਿਚ ਗ੍ਰੈਜੂਏਟ ਨੌਕਰੀ ਲੱਭਣ ਦੀ ਮਿਆਦ ਦੋ ਸਾਲਾਂ ਤੋਂ ਘਟਾ ਕੇ 18 ਮਹੀਨੇ ਕਰਨਾ ਸ਼ਾਮਲ ਹੈ ਜੋ ਜਨਵਰੀ 2027 ਤੋਂ ਲਾਗੂ ਹੋਵੇਗਾ। ਵਿਦਿਆਰਥੀਆਂ ਨੂੰ ਉੱਚੀਆਂ ਵਿੱਤੀ ਲੋੜਾਂ ਨੂੰ ਵੀ ਪੂਰਾ ਕਰਨਾ ਪਵੇਗਾ ਜਿਸ ਨੂੰ ਲੰਦਨ ਤੋਂ ਬਾਹਰ ਪ੍ਰਤੀ ਮਹੀਨਾ 1,171 ਪੌਂਡ ਤਕ ਵਧਾ ਕੇ ਨੌਂ ਮਹੀਨਿਆਂ ਲਈ ਕੀਤਾ ਗਿਆ ਹੈ। ਤਕਨੀਕੀ, ਕਲਾ ਅਤੇ ਅਕਾਦਮਿਕ ਖੇਤਰਾਂ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲਿਆਂ ਲਈ ਗਲੋਬਲ ਟੈਲੇਂਟ ਵੀਜ਼ਾ ਦਾ ਵਿਸਥਾਰ ਕੀਤਾ ਗਿਆ ਹੈ ਤਾਕਿ ਹੋਰ ਮਾਣ-ਸਨਮਾਨ ਵਾਲੇ ਪੁਰਸਕਾਰ ਜੇਤੂਆਂ ਨੂੰ ਵੀ ਸ਼ਾਮਲ ਕੀਤਾ ਜਾ ਸਕੇ। ਵਿਰੋਧ ਅਤੇ ਨਫ਼ਰਤ ਨੂੰ ਰੋਕਣ ਲਈ ਇਹ ਸਭ ਤੋਂ ਵਧੀਆ ਤਰੀਕਾ ਹੈ। ਇਸ ਪੱਖ ਤੋਂ ਇੰਗਲੈਂਡ ਸਰਕਾਰ ਦੀ ਸ਼ਲਾਘਾ ਕਰਨੀ ਬਣਦੀ ਹੈ। ਪੰਜਾਬ ਵਿਚ ਪ੍ਰਵਾਸੀਆਂ ਵਿਰੁਧ ਨਫ਼ਰਤ ਫੈਲਾਉਣ ਅਤੇ ਪ੍ਰਵਾਸੀਆਂ ਦੀ ਕੁੱਟ ਮਾਰ ਕਰਨ ਦੀ ਥਾਂ ਅਜਿਹੀਆਂ ਨੀਤੀਆਂ ਲਾਗੂ ਕਰ ਦੇਣੀਆਂ ਚਾਹੀਦੀਆਂ ਹਨ ਜਿਹੜੀਆਂ ਪ੍ਰਵਾਸੀਆਂ ਦੀ ਆਮਦ ਅਤੇ ਪੂਰਨ ਬਸੇਰੇ ਉਤੇ ਕਾਬੂ ਪਾ ਦੇਣ।
ਮੁੱਖ ਸੰਪਾਦਕ
