ਅਸੀਂ ਅਮਰੀਕਾ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਹਿੰਮਤ ਵਿਖਾਈ : ਇਰਾਨੀ ਰਾਜਦੂਤ


ਨਵੀਂ ਦਿੱਲੀ, 24 ਜੂਨ : ਭਾਰਤ ਵਿਚ ਇਰਾਨ ਦੇ ਰਾਜਦੂਤ ਨੇ ਕਿਹਾ ਕਿ ਤਹਿਰਾਨ ਵਲੋਂ ਕਤਰ ਅਤੇ ਇਰਾਕ ਵਿਚ ਅਮਰੀਕੀ ਫ਼ੌਜੀ ਟਿਕਾਣਿਆਂ ‘ਤੇ ਹਮਲਾ ਬੇਮਿਸਾਲ ਸੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੇਤਾਵਨੀ ਦਿਤੀ ਕਿ ਉਹ ਦੁਬਾਰਾ ਕਾਰਵਾਈ ਕਰਨ ਤੋਂ ਨਹੀਂ ਝਿਜਕੇਗਾ। ਇਕ ਇੰਟਰਵਿਊ ਵਿਚ ਡਾ. ਇਰਾਜ ਇਲਾਹੀ ਨੇ ਕਿਹਾ ਕਿ ਇਰਾਨ ਨੇ ਇਜ਼ਰਾਈਲ ਨਾਲ ਆਪਣੇ ਟਕਰਾਅ ਦਰਮਿਆਨ ਅਮਰੀਕੀ ਹਮਲੇ ਦਾ ਜਵਾਬ ਦੇਣ ਲਈ ਪਹਿਲਾਂ ਹੀ ਤਿਆਰੀ ਕਰ ਲਈ ਸੀ। ਇਰਾਨੀ ਰਾਜਦੂਤ ਨੇ ਸਾਫ਼ ਕੀਤਾ ਕਿ ਇਤਿਹਾਸ ਵਿਚ ਕਿਸੇ ਵੀ ਦੇਸ਼ ਨੇ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਪਰ ਅਸੀਂ ਇਹ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਜੇ ਅਮਰੀਕਾ ਫਿਰ ਇਸ ਗ਼ੈਰ-ਕਾਨੂੰਨੀ ਕਾਰਵਾਈ ਨੂੰ ਦੁਹਰਾਉਂਦਾ ਹੈ ਤਾਂ ਉਸ ਨੂੰ ਉਹੀ ਜਵਾਬ ਮਿਲੇਗਾ। ਇਰਾਨ ਨੇ ਸ਼ਨੀਵਾਰ ਨੂੰ ਆਪਣੇ ਤਿੰਨ ਮੁੱਖ ਪ੍ਰਮਾਣੂ ਸਥਾਨਾਂ ‘ਤੇ ਹਮਲਿਆਂ ਦੇ ਜਵਾਬ ਵਿਚ ਕਤਰ ਅਤੇ ਇਰਾਕ ਵਿਚ ਅਮਰੀਕੀ ਹਵਾਈ ਅੱਡਿਆਂ ‘ਤੇ ਮਿਜ਼ਾਈਲਾਂ ਦਾਗ਼ੀਆਂ ਸਨ। ਹਾਲਾਂਕਿ, ਜ਼ਿਆਦਾਤਰ ਮਿਜ਼ਾਈਲਾਂ ਨੂੰ ਰੋਕ ਦਿਤਾ ਗਿਆ ਸੀ ਅਤੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਸੀ।
