ਪੂਰੇ ਦੇਸ਼ ’ਚ ਹੋ ਰਹੀ ਹੈ ਵੋਟ ਚੋਰੀ ਪਰ ਬਿਹਾਰ ’ਚ ਨਹੀਂ ਹੋਣ ਦਿਆਂਗੇ : ਰਾਹੁਲ ਗਾਂਧੀ


ਪਟਨਾ, 18 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਬਿਹਾਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੇ ਵਿਸ਼ੇਸ਼ ਡੂੰਘੇ ਮੁੜ ਨਿਰੀਖਣ (ਐੱਸਆਈਆਰ) ਦੇ ਖ਼ਿਲਾਫ਼ ਪੂਰਾ ਆਈਐੱਨਡੀਏ ਮਜ਼ਬੂਤ ਏਕਤਾ ਨਾਲ ਜ਼ਮੀਨ ‘ਤੇ ਉਤਰ ਆਇਆ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਦੀ ਅਗਵਾਈ ਵਿਚ ਗੱਠਜੋੜ ਦੇ ਸਾਰੇ ਵੱਡੇ ਨੇਤਾਵਾਂ ਦੀ ਮੌਜੂਦਗੀ ਵਿਚ ਸਾਸਾਰਾਮ ਤੋਂ ਐਤਵਾਰ ਨੂੰ ਵੋਟਰ ਅਧਿਕਾਰ ਯਾਤਰਾ ਦਾ ਆਗ਼ਾਜ਼ ਹੋਇਆ। ਯਾਤਰਾ ਅਗਲੇ 16 ਦਿਨਾਂ ਤੱਕ ਬਿਹਾਰ ਦੇ 25 ਜ਼ਿਲ੍ਹਿਆਂ ’ਚੋਂ ਲੰਘੇਗੀ ਅਤੇ ਲਗਪਗ 1300 ਕਿਮੀ ਦੀ ਦੂਰੀ ਤੈਅ ਕਰੇਗੀ। ਪਹਿਲੀ ਸਤੰਬਰ ਨੂੰ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ’ਚ ਇਕ ਵੱਡੀ ਰੈਲੀ ਨਾਲ ਯਾਤਰਾ ਦੀ ਸਮਾਪਤੀ ਹੋਵੇਗਾ।
ਬਿਹਾਰ ਜਾਂ ਦੇਸ਼ ’ਚ ਜਿੱਥੇ ਵੀ ਹੋਵੇਗੀ ਵੋਟ ਚੋਰੀ, ਉਸਨੂੰ ਰੋਕਾਂਗੇ
ਵੋਟਰ ਅਧਿਕਾਰ ਯਾਤਰਾ ਦਾ ਆਗ਼ਾਜ਼ ਕਰਦਿਆਂ ਰਾਹੁਲ ਗਾਂਧੀ ਨੇ ਐੱਸਆਈਆਰ ‘ਤੇ ਸਵਾਲ ਚੁੱਕੇ ਅਤੇ ਸਿੱਧੇ ਤੌਰ ‘ਤੇ ਚੋਣ ਕਮਿਸ਼ਨ ਅਤੇ ਭਾਜਪਾ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ। ਕਿਹਾ ਕਿ ਅੱਜ ਪੂਰੇ ਦੇਸ਼ ’ਚ ਵੋਟ ਦੀ ਚੋਰੀ ਹੋ ਰਹੀ ਹੈ ਪਰ ਬਿਹਾਰ ਵਿਚ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ। ਜਿੱਥੇ-ਜਿੱਥੇ ਚੋਣਾਂ ਹੋ ਰਹੀਆਂ ਹਨ, ਉਥੇ-ਉਥੇ ਭਾਜਪਾ ਵੋਟ ਚੋਰੀ ਕਰ ਕੇ ਆਪਣੀ ਸਰਕਾਰ ਬਣਾ ਰਹੀ ਹੈ। ਬਿਹਾਰ ਹੋਵੇ, ਅਸਾਮ ਹੋਵੇ ਜਾਂ ਬੰਗਾਲ, ਜਿੱਥੇ ਵੀ ਵੋਟ ਦੀ ਚੋਰੀ ਹੋਵੇਗੀ, ਕਾਂਗਰਸ ਉਸਨੂੰ ਰੋਕੇਗੀ। ਬਿਹਾਰ ਵਿਚ ਵੀ ਐੱਸਆਈਆਰ ਦੇ ਜ਼ਰੀਏ ਇਹੀ ਸਾਜ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਅਜਿਹਾ ਹੋਣ ਨਹੀਂ ਦੇਵਾਂਗੇ। ਇਹ ਲੜਾਈ ਵੋਟ ਦੇ ਅਧਿਕਾਰ ਅਤੇ ਸੰਵਿਧਾਨ ਦੀ ਰੱਖਿਆ ਦੀ ਲੜਾਈ ਹੈ। ਲੋਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਬਿਹਾਰ ਵਿਚ ਅਸੀਂ ਕਿਸੇ ਵੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦਿਆਂਗੇ। ਇਹ ਬਿਹਾਰ ਹੈ, ਇੱਥੇ ਦੇ ਲੋਕ ਵੋਟ ਦੇ ਅਧਿਕਾਰ ਦੀ ਤਾਕਤ ਨੂੰ ਜਾਣਦੇ ਹਨ। ਜੇਕਰ ਲੋਕਤੰਤਰ ‘ਤੇ ਹਮਲਾ ਹੋਵੇਗਾ ਤਾਂ ਸਭ ਤੋਂ ਪਹਿਲਾਂ ਬਿਹਾਰ ਦੀ ਜਨਤਾ ਉਸਦੇ ਖ਼ਿਲਾਫ਼ ਖੜ੍ਹੀ ਹੋਵੇਗੀ।
ਵੋਟ ਦਾ ਮਤਲਬ ਛੋਟ ਦਾ ਰਾਜ
ਆਰਜੇਡੀ ਦੇ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਵੋਟ ਦਾ ਮਤਲਬ ਛੋਟ ਦਾ ਰਾਜ ਹੈ। ਸਾਡੇ ਬਾਬਾ ਸਾਹਿਬ ਆੰਬੇਡਕਰ ਨੇ ਸਭ ਨੂੰ ਇਹ ਤਾਕਤ ਦਿੱਤੀ ਹੈ। ਗਰੀਬ ਤੋਂ ਗਰੀਬ, ਕਮਜ਼ੋਰ ਤੋਂ ਕਮਜ਼ੋਰ, ਅਮੀਰ ਅਤੇ ਤਾਕਤਵਰ ਨੂੰ ਵੋਟ ਦਾ ਅਧਿਕਾਰ ਮਿਲਿਆ ਹੈ ਪਰ ਭਾਜਪਾ ਦੇ ਲੋਕ ਜੋ ਕੰਮ ਖ਼ੁਦ ਨਹੀਂ ਕਰਦੇ, ਚੋਣ ਕਮਿਸ਼ਨ ਤੋਂ ਕਰਵਾਉਂਦੇ ਹਨ। ਪੀਐੱਮ ਮੋਦੀ ਬਿਹਾਰੀਆਂ ਨੂੰ ਚੂਨਾ ਲਗਾਉਣਾ ਚਾਹੁੰਦੇ ਹਨ, ਇੱਥੇ ਖੈਣੀ ਦੇ ਨਾਲ ਚੂਨਾ ਰਗੜ ਕੇ ਚਬਾ ਦਿੱਤਾ ਜਾਂਦਾ ਹੈ। ਬਿਹਾਰ ਦਾ ਬੱਚਾ-ਬੱਚਾ ਤਿੱਖੀ ਮਿਰਚ ਵਾਲਾ ਕੰਮ ਕਰਦਾ ਹੈ, ਮੋਦੀ ਜੀ ਇਹ ਸੁਣ ਲਓ।
ਕਾਂਗਰਸ ਨੇ ਦਿੱਤਾ ਆਜ਼ਾਦੀ ਤੋਂ ਬਾਅਦ ਵੋਟ ਦਾ ਅਧਿਕਾਰ
ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਸਭ ਨੂੰ ਵੋਟ ਦਾ ਅਧਿਕਾਰ ਦੇਣ ਵਾਲੀ ਕਾਂਗਰਸ ਪਾਰਟੀ ਦਲਿਤ, ਪੱਛੜੇ, ਆਦਿਵਾਸੀ ਸਭ ਨੂੰ ਸਮਾਨ ਨਜ਼ਰ ਨਾਲ ਦੇਖਦੀ ਹੈ। ਉਨ੍ਹਾਂ ਨੂੰ ਜੋੜਦੀ ਹੈ। ਅਸੀਂ ਚੋਣਾਂ ਲਈ ਨਹੀਂ, ਲੋਕਤੰਤਰ ਲਈ ਲੜ ਰਹੇ ਹਾਂ। ਕਾਂਗਰਸ ਨੇ ਆਜ਼ਾਦੀ ਦੇ ਬਾਅਦ ਵੋਟ ਦਾ ਅਧਿਕਾਰ ਦਿੱਤਾ ਪਰ, ਅੱਜ ਜਾਣਬੁੱਝ ਕੇ ਦਲਿਤਾਂ, ਘੱਟਗਿਣਤੀਆਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ।
ਲਾਲੂ ਨੇ ਕਿਹਾ, ਲਾਗਲ–ਲਾਗਲ ਝੁਲਨੀਆਂ ਮੇਂ ਧੱਕਾ..
ਮੰਚ ‘ਤੇ ਲਾਲੂ ਪ੍ਰਸਾਦ ਆਪਣੇ ਪੁਰਾਣੇ ਅੰਦਾਜ਼ ਵਿਚ ਦਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਚੋਰਾਂ ਨੂੰ ਹਟਾਓ ਅਤੇ ਭਾਜਪਾ ਨੂੰ ਭਜਾਓ। ਕਿਸੇ ਵੀ ਕੀਮਤ ‘ਤੇ ਚੋਰੀ ਕਰਨ ਵਾਲੀ ਭਾਜਪਾ ਨੂੰ ਨਹੀਂ ਆਉਣ ਦੇਣਾ। ਸਾਰੇ ਲੋਕ ਇਕ ਹੋ ਜਾਓ ਅਤੇ ਮਿਲ ਕੇ ਇਨ੍ਹਾਂ ਨੂੰ ਪੁੱਟ ਸੁੱਟੋ। ਅੰਤ ਵਿਚ ਉਹ ਆਪਣੇ ਅੰਦਾਜ਼ ਵਿਚ ਬੋਲੇ, ਲਾਗਲ-ਲਾਗਲ ਝੁਲਨੀਆਂ ਮੇਂ ਧੱਕਾ, ਬਲਮ ਕਲਕੱਤਾ ਚਲਲ।
ਲੋਕਤੰਤਰ ਬਚਾਉਣ ਲਈ ਹੈ ਯਾਤਰਾ
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਯਾਤਰਾ ਲੋਕਤੰਤਰ ਬਚਾਉਣ ਲਈ ਹੈ। ਵੋਟ ਚੋਰੀ ਨੂੰ ਰੋਕਣਾ ਸਾਡਾ ਟੀਚਾ ਹੈ। ਰਾਹੁਲ ਗਾਂਧੀ ‘ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਚੋਣ ਕਮਿਸ਼ਨ, ਭਾਜਪਾ ਆਪਣੇ ਮਕਸਦ ਵਿਚ ਸਫਲ ਨਹੀਂ ਹੋਣਗੇ।
ਯਾਤਰਾ ਦਾ ਮੁੱਖ ਮੰਤਵ
ਮਹਾਗੱਠਜੋੜ ਆਪਣੀ ਇਸ ਯਾਤਰਾ ਦੇ ਜ਼ਰੀਏ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲਾਂ ਚੋਣ ਕਮਿਸ਼ਨ ਐੱਸਆਈਆਰ ਦੇ ਨਾਂ ‘ਤੇ ਵੋਟਰਾਂ ਦੇ ਨਾਂ ਜੋੜ ਅਤੇ ਹਟਾ ਕੇ ਮਨਮਾਨੀ ਕਰ ਰਿਹਾ ਹੈ। ਮੁਹਿੰਮ ਦੇ ਜ਼ਰੀਏ ਲੋਕਾਂ ਦੇ ਵੋਟ ਦੇ ਅਧਿਕਾਰ ਨੂੰ ਸੁਰੱਖਿਅਤ ਲੋਕਤੰਤਰਕ ਅਧਿਕਾਰਾਂ ਦੀ ਰੱਖਿਆ ਕਰਨ ਦਾ ਸੁਨੇਹਾ ਦੇਣਾ ਹੈ।