31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖ਼ਾਲਸਾ


(ਨਿਊਜ਼ ਟਾਊਨ ਨੈਟਵਰਕ)
ਆਨੰਦਪੁਰ ਸਾਹਿਬ, 26 ਜੁਲਾਈ : ਵਿਸ਼ਵ ਪ੍ਰਸਿੱਧ ਅਜਾਇਬ ਘਰਾਂ ‘ਚ ਸ਼ੁਮਾਰ ਹੋ ਚੁੱਕੇ ਵਿਰਾਸਤ-ਏ-ਖ਼ਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਚ 31 ਜੁਲਾਈ ਤਕ ਛਮਾਹੀ ਰੱਖ-ਰਖਾਓ ਵਾਸਤੇ ਆਮ ਸੈਲਾਨੀਆਂ ਵਾਸਤੇ ਬੰਦ ਰੱਖਿਆ ਜਾਵੇਗਾ। ਇਸ ਲਈ ਇਸ ਅਜਾਇਬ ਘਰ ਨੂੰ ਵੇਖਣ ਆਉਣ ਵਾਲੇ ਸੈਲਾਨੀ 1 ਅਗਸਤ ਨੂੰ ਹੀ ਆਉਣ। ਇਨ੍ਹਾਂ ਸਥਾਨਾਂ ਨੂੰ ਦੇਖਣ ਲਈ ਹਰ ਰੋਜ਼ ਦੇਸ਼ ਅਤੇ ਵਿਦੇਸ਼ਾਂ ਵਿਚੋਂ ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚਦੇ ਹਨ। ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਨੇ ਦੱਸਿਆ ਕਿ ਸਾਲ ਵਿਚ ਦੋ ਵਾਰ ਜਨਵਰੀ ਮਹੀਨੇ ਦੇ ਅਖੀਰਲੇ ਹਫਤੇ ਵਿਚ ਅਤੇ ਜੁਲਾਈ ਮਹੀਨੇ ਦੇ ਅਖੀਰਲੇ ਹਫ਼ਤੇ ਵਿਚ ਵਿਰਾਸਤ-ਏ-ਖ਼ਾਲਸਾ, ਸ੍ਰੀ ਅਨੰਦਪੁਰ ਸਾਹਿਬ ਨੂੰ ਉਨ੍ਹਾਂ ਜ਼ਰੂਰੀ ਮੁਰੰਮਤਾਂ ਤੇ ਰੱਖ-ਰਖਾਓ ਲਈ ਬੰਦ ਰੱਖਿਆ ਜਾਂਦਾ ਹੈ ਜੋ ਕਿ ਆਮ ਦਿਨਾਂ ਦੇ ਵਿਚ ਨਹੀਂ ਹੋ ਸਕਦੀਆਂ ਹਨ। ਇਸ ਕਰਕੇ ਇਹ ਸੂਚਨਾ ਦਿਤੀ ਜਾ ਰਹੀ ਹੈ ਕਿ ਸੈਲਾਨੀਆਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਵੇ ਜਦਕਿ 1 ਅਗੱਸਤ 2025 ਤੋਂ ਇਹ ਅਜਾਇਬ ਘਰ ਆਮ ਦੀ ਤਰ੍ਹਾਂ ਸੈਲਾਨੀਆਂ ਵਾਸਤੇ ਖੋਲ੍ਹ ਦਿਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਕਾਲੀ -ਭਾਜਪਾ ਸਰਕਾਰ ਵਲੋਂ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਵਿਰਾਸਤ-ਏ-ਖ਼ਾਲਸਾ ਹੁਣ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ ਬਣ ਚੁੱਕਿਆ ਹੈ। ਲਿਮਕਾ ਬੁੱਕ ਆਫ਼ ਰਿਕਾਰਡਜ਼’ ਵਿਚ ਦਰਜ ਹੋ ਚੁੱਕਿਆ ਹੈ।
