ਲੱਦਾਖ ‘ਚ ਸੂਬੇ ਦੇ ਦਰਜੇ ਦੀ ਮੰਗ ਨੂੰ ਲੈ ਕੇ ਹਿੰਸਾ!

4 ਮੌਤਾਂ, 72 ਜ਼ਖ਼ਮੀ, ਸ਼ਹਿਰ ‘ਚ ਮਾਰਚ ਤੇ ਰੈਲੀਆਂ ‘ਤੇ ਲੱਗੀ ਪਾਬੰਦੀ

ਪ੍ਰਦਰਸ਼ਨਕਾਰੀਆਂ ਨੇ ਲੇਹ ‘ਚ ਭਾਜਪਾ ਦਫ਼ਤਰ ਤੇ CRPF ਦਾ ਵਾਹਨ ਫੂਕਿਆ

ਲੇਹ, 24 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਲੇਹ ਵਿੱਚ ਬੁੱਧਵਾਰ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ਅਤੇ ਛੇਵੀਂ ਸ਼ਡਿਊਲ ਵਿੱਚ ਸ਼ਾਮਲ ਕਰਨ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਤੇਜ਼ ਹੋ ਗਏ। ਵਿਦਿਆਰਥੀਆਂ ਦੀ ਪੁਲਿਸ ਅਤੇ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ, ਨਤੀਜੇ ਵਜੋਂ 4 ਮੌਤਾਂ ਹੋਈਆਂ ਅਤੇ 72 ਤੋਂ ਵੱਧ ਜ਼ਖਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੇ ਇੱਕ ਦਫ਼ਤਰ ਅਤੇ ਸੀਆਰਪੀਐਫ ਦੇ ਇੱਕ ਵਾਹਨ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਪ੍ਰਸ਼ਾਸਨ ਨੇ ਲੇਹ ਵਿੱਚ ਬਿਨਾਂ ਇਜਾਜ਼ਤ ਰੈਲੀਆਂ ਅਤੇ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹਿੰਸਕ ਘਟਨਾ ਲੱਦਾਖ ਵਿੱਚ ਅੰਦੋਲਨ ਦੀ ਪਹਿਲੀ ਵੱਡੀ ਹਿੰਸਕ ਝੜਪ ਵਜੋਂ ਦਰਜ ਹੋਈ ਹੈ। ਇਹ ਵਿਦਿਆਰਥੀ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੇ ਸਮਰਥਨ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜੋ ਪਿਛਲੇ 15 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ। ਪ੍ਰਦਰਸ਼ਨਕਾਰੀਆਂ ਨੇ ਅੱਜ ਪੂਰੀਆਂ ਨਾ ਹੋਈਆਂ ਮੰਗਾਂ ਦੇ ਵਿਰੋਧ ਵਿੱਚ ਬੰਦ ਦਾ ਸੱਦਾ ਦਿੱਤਾ ਸੀ, ਇਸੇ ਦੌਰਾਨ ਹਿੰਸਾ ਹੋਈ। ਹਿੰਸਾ ਤੋਂ ਬਾਅਦ ਵਾਂਗਚੁਕ ਨੇ ਆਪਣਾ ਵਰਤ ਤੋੜਦੇ ਹੋਏ ਕਿਹਾ, “ਇਹ ਲੱਦਾਖ ਲਈ ਇੱਕ ਦੁਖਦਾਈ ਦਿਨ ਹੈ। ਅਸੀਂ ਪੰਜ ਸਾਲਾਂ ਤੋਂ ਸ਼ਾਂਤੀ ਦੇ ਰਾਹ ‘ਤੇ ਚੱਲ ਰਹੇ ਹਾਂ। ਅਸੀਂ ਭੁੱਖ ਹੜਤਾਲ ਕੀਤੀ ਅਤੇ ਲੇਹ ਤੋਂ ਦਿੱਲੀ ਤੱਕ ਪੈਦਲ ਚੱਲੇ। ਅੱਜ ਅਸੀਂ ਸ਼ਾਂਤੀ ਦੇ ਸੰਦੇਸ਼ ਨੂੰ ਅਸਫਲ ਹੁੰਦਾ ਦੇਖ ਰਹੇ ਹਾਂ। ਹਿੰਸਾ, ਗੋਲੀਬਾਰੀ ਅਤੇ ਅੱਗਜ਼ਨੀ ਹੋ ਰਹੀ ਹੈ। ਮੈਂ ਲੱਦਾਖ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਬੇਵਕੂਫ਼ੀ ਨੂੰ ਬੰਦ ਕਰਨ। ਅਸੀਂ ਆਪਣੀ ਭੁੱਖ ਹੜਤਾਲ ਨੂੰ ਤੋੜ ਰਹੇ ਹਾਂ ਅਤੇ ਵਿਰੋਧ ਪ੍ਰਦਰਸ਼ਨ ਬੰਦ ਕਰ ਰਹੇ ਹਾਂ। ਇਨ੍ਹਾਂ ਮੰਗਾਂ ਸਬੰਧੀ ਹੁਣ ਅਗਲੀ ਮੀਟਿੰਗ 6 ਅਕਤੂਬਰ ਨੂੰ ਦਿੱਲੀ ਵਿੱਚ ਹੋਵੇਗੀ। ਜ਼ਿਕਰਯੋਗ ਹੈ ਕਿ 2019 ਵਿੱਚ ਜਦੋਂ ਧਾਰਾ 370 ਅਤੇ 35A ਨੂੰ ਰੱਦ ਕੀਤਾ ਗਿਆ ਸੀ ਤਾਂ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਜੋਂ ਬਣਾਇਆ ਗਿਆ ਸੀ। ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸੂਬੇ ਵਿੱਚ ਸਥਿਤੀ ਆਮ ਹੋਣ ਤੋਂ ਬਾਅਦ ਪੂਰਨ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇਗਾ। ਮੰਗਲਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ 24 ਸਤੰਬਰ ਨੂੰ ਲੱਦਾਖ ਬੰਦ ਦਾ ਸੱਦਾ ਦਿੱਤਾ ਸੀ। ਭੀੜ ਇਕੱਠੀ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਗਈ ਅਤੇ ਲੋਕਾਂ ਨੂੰ ਲੇਹ ਹਿੱਲ ਕੌਂਸਲ ਤੱਕ ਪਹੁੰਚਣ ਲਈ ਕਿਹਾ ਗਿਆ। ਇਸਦਾ ਪ੍ਰਭਾਵ ਵੀ ਦੇਖਣ ਨੂੰ ਮਿਲਿਆ ਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਵੀ। ਲੇਹ ਐਪੈਕਸ ਬਾਡੀ ਦੇ ਪ੍ਰਧਾਨ ਚੇਰਿੰਗ ਦੋਰਜੇ ਨੇ ਕਿਹਾ ਕਿ ਭੁੱਖ ਹੜਤਾਲ ‘ਤੇ ਬੈਠੇ ਦੋ ਲੋਕਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਫਿਰ ਸਥਿਤੀ ਤਣਾਅਪੂਰਨ ਹੋ ਗਈ। ਕੁਝ ਨੌਜਵਾਨਾਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਪੁਲਿਸ ਨੂੰ ਕਾਰਵਾਈ ਕਰਨੀ ਪਈ ਤੇ ਹਿੰਸਾ ਭੜਕ ਗਈ।


