ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਕੱਟ ਰਹੇ ਨਰਕ ਭਰੀ ਜ਼ਿੰਦਗੀ



ਕਿਹਾ, ਸਰਕਾਰ ਦੇ ਕੀਤੇ ਵਿਕਾਸ ਕਾਰਜ ਦੇ ਦਾਅਵਿਆਂ ਦੀ ਹਲਾਤਾਂ ਨੇ ਖੋਲੀ ਪੋਲ
ਫਤਿਹਗੜ੍ਹ ਸਾਹਿਬ, 1 ਸਤੰਬਰ (ਰਾਜਿੰਦਰ ਸਿੰਘ ਭੱਟ) : ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਫਿਰੋਜ਼ਪੁਰ ਵਿਖੇ ਟੋਬੇ ਦੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਨਰਕੀ ਭਰਿਆ ਜੀਵਨ ਬਤੀਤ ਕਰਨ ਨੂੰ ਮਜਬੂਰ ਹਨ।ਪਿੰਡ ਵਾਸੀ ਰਣਜੀਤ ਸਿੰਘ ,ਸੌਦਾਗਰ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ,ਬਲਜੀਤ ਸਿੰਘ ਤੇ ਰਾਹਗੀਰ ਬਲਦੇਵ ਸਿੰਘ ਦਮਹੇੜੀ ਨੇ ਕਿਹਾ ਕਿ ਪਿਛਲੇ ਕਰੀਬ 10 ਸਾਲਾਂ ਤੋਂ ਪਿੰਡ ਦੇ ਟੋਬੇ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਨਰਕੀ ਭਰਿਆ ਜੀਵਨ ਬਤੀਤ ਕਰ ਰਹੇ ਹਨ। ਪਰ ਪੰਚਾਇਤ ਵਿਭਾਗ ਅਤੇ ਸਰਕਾਰ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਟੋਬੇ ਵਿੱਚ ਗੰਦੇ ਪਾਣੀ ਵਿੱਚੋਂ ਬਦਬੂ ਮਾਰਨ ਦੇ ਨਾਲ ਨਾਲ ਕਈ ਜੀਵ ਜੰਤੂ ਲੋਕਾਂ ਦੇ ਘਰਾਂ ਵਿੱਚ ਦਾਖਲ ਹੋਣ ਕਾਰਨ ਪਿੰਡ ਵਾਸੀਆਂ ਵਿੱਚ ਕਾਫੀ ਸਮੱਸਿਆ ਆ ਰਹੀਆਂ ਹਨ। ਇਸ ਤੋਂ ਇਲਾਵਾ ਟੋਬੇ ਦੇ ਗੰਦੇ ਪਾਣੀ ਹਲਕੀ ਜਿਹੀ ਬਰਸਾਤ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਨਾਲੀਆਂ ਵਿੱਚ ਖੜੇ ਪਾਣੀ ਵਿੱਚੋਂ ਬਦਬੂ ਮਾਰਦੀ ਹੈ ਤੇ ਲੋਕਾਂ ਨੂੰ ਰੋਟੀ ਖਾਣਾ ਦੂਬਰ ਹੋਇਆ ਪਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ ਆਏ ਹੋਏ ਹਨ ਪ੍ਰੰਤੂ ਟੋਬੇ ਦੀ ਕਈ ਸਾਲਾਂ ਤੋਂ ਸਾਫ ਸਫਾਈ ਵੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਟੋਬੇ ਤੇ ਨਜਾਇਜ਼ ਕਬਜ਼ਿਆਂ ਨੂੰ ਵੀ ਹਟਾਇਆ ਜਾਵੇ ਅਤੇ ਟੋਬੇ ਦੀ ਸਾਫ ਸਫਾਈ ਦੇ ਨਾਲ ਨਾਲ ਜਰੀਲੇ ਜੀਵ ਜੰਤੂਆਂ ਲਈ ਦਵਾਈ ਵੀ ਪਾਈ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਨਾ ਲੱਗੇ ਤੇ ਬਿਮਾਰੀਆਂ ਫੈਲਣ ਦੇਖ ਖਸਦੇ ਨੂੰ ਰੋਕਿਆ ਜਾ ਸਕੇ।ਉਹਨਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਉਨਾਂ ਨੇ ਕਈ ਵਾਰ ਮੌਜੂਦਾ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪਹਿਲ ਦੇ ਆਧਾਰ ਤੇ ਉਹਨਾਂ ਦੀ ਸਮੱਸਿਆ ਵੱਲ ਧਿਆਨ ਦਿੰਦੇ ਹੋਏ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਢੁਕਵਾਂ ਹੱਲ ਕੀਤਾ ਜਾਵੇ। ਇਸ ਸਬੰਧੀ ਜਦੋਂ ਬੀਡੀਪੀਓ ਬਸੀ ਪਠਾਣਾ ਗੁਰਮਿੰਦਰ ਸਿੰਘ ਸੇਖੋਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਹ ਸਮੱਸਿਆ ਉਨਾਂ ਦੇ ਧਿਆਨ ਵਿੱਚ ਪਿੰਡ ਵਾਸੀਆਂ ਨੇ ਨਹੀਂ ਲਿਆਂਦੀ ਅਤੇ ਪਿੰਡ ਵਾਸੀਆਂ ਦੀ ਸਮੱਸਿਆ ਨੂੰ ਧਿਆਨ ਚ ਰੱਖਦੇ ਹੋਏ ਜਲਦ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ ਅਤੇ ਟੋਬੇ ਦੀ ਸਫਾਈ ਵੀ ਕਰਵਾਈ ਜਾਵੇਗੀ। ਇਸ ਮੌਕੇ ਬਲਜੀਤ ਸਿੰਘ ਬਲਦੇਵ ਸਿੰਘ ਰਣਜੀਤ ਸਿੰਘ ਗੁਰਪ੍ਰੀਤ ਸਿੰਘ ਗੁਰਸੇਵਕ ਸਿੰਘ ਤੇ ਹੋਰ ਪਿੰਡ ਵਾਸੀ ਮੌਜੂਦ ਸਨ।
