ਮਜੀਠੀਆ ਦੇ ਟਿਕਾਣਿਆਂ ‘ਤੇ ਵਿਜੀਲੈਂਸ ਦੀ ਰੇਡ: ਪੰਜਾਬ-ਹਰਿਆਣਾ ਸਮੇਤ ਕਈ ਥਾਂ ਛਾਪੇ


ਚੰਡੀਗੜ੍ਹ, 1 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਵਿਚ ਨਸ਼ੇ ਨਾਲ ਸੰਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਮਜੀਠੀਆ ਖ਼ਿਲਾਫ਼ 6 ਲੋਕਾਂ ਵਲੋਂ ਬਿਆਨ ਹੋਣ ਤੋਂ ਬਾਅਦ ਅੱਜ ਵਿਜੀਲੈਂਸ ਦੀਆਂ ਟੀਮਾਂ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚ ਇਕੱਠੇ ਹੀ ਛਾਪੇਮਾਰੀ ਕਰ ਰਹੀਆਂ ਹਨ। ਜਦਕਿ ਮਜੀਠੀਆ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਅੰਮ੍ਰਿਤਸਰ ਦੇ ਮਜੀਠਾ ਪਹੁੰਚ ਗਈ ਹੈ।
ਇਸੇ ਕੇਸ ਨੂੰ ਲੈ ਕੇ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਵੀ ਐਂਟਰੀ ਹੋ ਗਈ ਹੈ, ਉਹ ਵੀ ਮਜੀਠੀਆ ਨਾਲ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਐਨਸੀਬੀ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਹੈ, ਕਿਉਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਐਨਡੀਪੀਐਸ ਐਕਟ ਨਾਲ ਜੁੜਿਆ ਹੋਇਆ ਹੈ। ਇਸਦੇ ਇਲਾਵਾ ਹੋਰ ਕੇਂਦਰੀ ਏਜੰਸੀਆਂ ਵੀ ਇਸ ਕੇਸ ‘ਤੇ ਨਜ਼ਰਾਂ ਬਣਾ ਰੱਖੀਆਂ ਹਨ।
ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਕ ਪੋਸਟ ਸ਼ੇਅਰ ਕੀਤੀ ਗਈ। ਇਸ ਵਿਚ ਉਨ੍ਹਾਂ ਦੇ ਵਕੀਲ ਸੋਬਤੀ ਦੇ ਹਵਾਲੇ ਨਾਲ ਲਿਖਿਆ ਗਿਆ ਕਿ –”ਮੇਰਾ ਖੁੱਲਾ ਚੈਲੰਜ ਹੈ ਡੀਜੀਪੀ ਪੰਜਾਬ, ਵਿਜੀਲੈਂਸ ਚੀਫ ਅਤੇ ਪੰਜਾਬ ਏਜੀ ਨੂੰ – ਐਨਡੀਪੀਐਸ ਦੀ ਇਕੋ ਵੀ ਛੋਟੀ ਤੋਂ ਛੋਟੀ ਧਾਰਾ ਲਗਾ ਕੇ ਵਿਖਾਓ!”
ਇਹ ਬਿਆਨ ਮਾਮਲੇ ਦੀ ਗੰਭੀਰਤਾ ਅਤੇ ਕਾਨੂੰਨੀ ਚੁਣੌਤੀ ਨੂੰ ਦਰਸਾਉਂਦਾ ਹੈ, ਜਿਸ ਰਾਹੀਂ ਮਜੀਠੀਆ ਪਾਸੇ ਵਲੋਂ ਵਕੀਲ ਨੇ ਸਿੱਧਾ ਤੌਰ ‘ਤੇ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ।
