ਲਹਿਰਾਗਾਗਾ ਦੇ SMO ਦੀ ਨਿਜੀ ਪ੍ਰੈਕਟਿਸ ਕਰਦੇ ਦੀ ਵੀਡੀਓ ਨੇ ਮਚਾਈ ਹਲਚਲ !

“ਦਿਨ ਨੂੰ ਸਰਕਾਰੀ ਡਿਊਟੀ, ਸ਼ਾਮ ਨੂੰ ਘਰ ‘ਚ ਮੋਟੀ ਕਮਾਈ”

ਸੰਗਰੂਰ/ਸੁਨਾਮ, 21 ਨਵੰਬਰ (ਗੁਰਦੀਪ ਸਿੰਘ ਛਾਜਲੀ)
ਪੰਜਾਬ ਸਰਕਾਰ ਭਾਵੇਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਲੱਖ ਦਾਅਵੇ ਕਰ ਰਹੀ ਹੈ, ਪਰ ਹਕੀਕਤ ਇਹ ਹੈ ਕਿ ਸੂਬੇ ਵਿੱਚ ਕੁਝ ਸਰਕਾਰੀ ਡਾਕਟਰਾਂ ਨੇ ਸਰਕਾਰ ਨੂੰ ਕਾਗਜ਼ੀ ਹੀਰੋ ਬਣਾ ਰੱਖਿਆ ਹੈ। ਲੱਖਾਂ ਰੁਪਏ ਤਨਖਾਹ, ਐਨ.ਪੀ.ਏ. ਅਤੇ ਸਰਕਾਰੀ ਸਹੂਲਤਾਂ ਲੈਣ ਦੇ ਬਾਵਜੂਦ ਨਿੱਜੀ ਕਮਾਈ ਦੀ ਭੁੱਖ ਇੰਨੀ ਵਧ ਚੁੱਕੀ ਹੈ ਕਿ ਲੋਕ ਸੇਵਾ ਦੇ ਇਸ ਅਹੁਦੇ ਨੂੰ ਕੈਸ਼ ਕਾਊਂਟਰ ਬਣਾ ਕੇ ਰੱਖ ਦਿੱਤਾ ਗਿਆ ਹੈ।
ਤਾਜ਼ਾ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਹੈ, ਜਿੱਥੇ ਲਹਿਰਾਗਾਗਾ ਦੇ ਸਿਵਲ ਹਸਪਤਾਲ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ ਦੀ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ‘ਚ ਡਾਕਟਰ ਆਪਣਾ ਡਿਊਟੀ ਸਟੇਸ਼ਨ ਛੱਡਕੇ ਸ਼ਰੇਆਮ ਆਪਣੇ ਘਰ ਵਿੱਚ ਨਿੱਜੀ ਪ੍ਰੈਕਟਿਸ ਕਰਦਾ ਸਾਫ ਤੌਰ ਦਿਖਾਈ ਦੇ ਰਿਹਾ ਹੈ। ਜਦਕਿ ਇਹ ਕੋਈ ਨਵਾਂ ਮਾਮਲਾ ਨਹੀਂ ਉਕਤ ਡਾਕਟਰ ਦਾ ਪਿਛਲਾ ਰਿਕਾਰਡ ਵੀ ਵਿਵਾਦਾਂ ਨਾਲ ਜੁੜਿਆ ਹੋਇਆ ਹੈ। ਕੁਝ ਸਮਾਂ ਪਹਿਲਾਂ ਵੀ ਲਹਿਰਾਗਾਗਾ ਹਲਕੇ ਦੇ ਇੱਕ ਪਰਿਵਾਰ ਨੇ ਆਰੋਪ ਲਗਾਏ ਸੀ ਕਿ ਇਸ ਡਾਕਟਰ ਲਾਪਰਵਾਹੀ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ ਸੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਇਨਕੁਆਰੀ ਦੇ ਨਾਂਅ ਤੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਰੱਖਿਆ ਹੈ, ਪਰ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ।
ਇਸ ਮਾਮਲੇ ਸਬੰਧੀ ਜਦੋਂ ਉਕਤ ਡਾਕਟਰ ਦਾ ਪੱਖ ਜਾਣਨ ਲਈ ਉਨ੍ਹਾਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।
ਇਸ ਮਾਮਲੇ ਬਾਬਤ ਜਦੋਂ ਸੰਗਰੂਰ ਦੀ ਸਿਵਲ ਸਰਜਨ ਡਾ. ਅਮਰਜੀਤ ਕੌਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਸਰਕਾਰੀ ਡਾਕਟਰ ਵੱਲੋਂ ਆਪਣੇ ਘਰ ‘ਚ ਨਿੱਜੀ ਪ੍ਰੈਕਟਿਸ ਕਰਨਾ ਗੈਰ ਕਾਨੂੰਨੀ ਹੈ। ਪ੍ਰੰਤੂ ਇਸ ਡਾਕਟਰ ਦੀ ਪਹਿਲਾਂ ਹੀ ਮੇਰੇ ਦਫਤਰ ਵਿੱਚ ਇਨਕੁਆਇਰੀ ਚੱਲ ਰਹੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਉਕਤ ਡਾਕਟਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੁਣ ਵੱਡਾ ਸਵਾਲ ਇਹ ਕਿ ਲੋਕਾਂ ਦਾ ਸਿਹਤ ਵਿਭਾਗ ਪ੍ਰਤੀ ਭਰੋਸਾ ਪਹਿਲਾਂ ਹੀ ਡਗਮਗਾਇਆ ਹੋਇਆ ਹੈ, ਸਵਾਲ ਇਹ ਹੈ ਕਿ ਜੇਕਰ ਸਿਹਤ ਵਿਭਾਗ ਖੁਦ ਹੀ ਲਾਪਰਵਾਹੀ ਵਰਤਣ ਵਾਲੇ ਡਾਕਟਰਾਂ ਦੀ ਜਾਂਚ ਕਰੇਗਾ ਤਾਂ ਨਤੀਜਾ ਕਿੰਨਾ ਨਿਰਪੱਖ ਹੋਵੇਗਾ ਇਹ ਸਭ ਨੂੰ ਪਤਾ ਹੈ।
ਜਿਕਰਯੋਗ ਹੈ ਕਿ ਸੰਗਰੂਰ ਜਿਲੇ ਵਿੱਚ ਪਿਛਲੇ ਸਮੇਂ ਦੌਰਾਨ ਸਰਕਾਰੀ ਡਾਕਟਰਾਂ ਦੀ ਲਾਪਰਵਾਹੀ ਕਾਰਨ ਅਨੇਕਾਂ ਮਰੀਜ਼ ਜਾਨਾਂ ਗੁਆ ਚੁੱਕੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਸੰਗਰੂਰ ਦੇ ਸਿਵਲ ਹਸਪਤਾਲ ਦੀ ਇੱਕ ਡਾਕਟਰ ਨੇ ਲਾਪਰਵਾਹੀ ਵਰਤਦੇ ਹੋਏ ਦਿੜ੍ਹਬਾ ਹਲਕੇ ਦੇ ਗਿਦੜਿਆਣੀ ਪਿੰਡ ਦੇ ਇੱਕ ਦਲਿਤ ਪਰਿਵਾਰ ਦੀ ਔਰਤ ਸਰਬਜੀਤ ਕੌਰ ਦੇ ਪੇਟ ‘ਚ ਪੱਟੀ ਛੱਡ ਦਿੱਤੀ ਸੀ ਅਤੇ ਉਸਦੀ ਮੌਤ ਹੋ ਗਈ ਸੀ, ਉਸ ਕੇਸ ਵਿੱਚ ਵੀ ਇਨਕੁਆਇਰੀ ਦੇ ਨਾਂ ‘ਤੇ ਫਾਈਲਾਂ ਘੁੰਮਦੀਆਂ ਰਹੀਆਂ, ਪਰ ਨਤੀਜਾ ਜ਼ੀਰੋ ਰਿਹਾ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਲਾਪਰਵਾਹੀ ਦੇ ਮਾਮਲਿਆਂ ਦੀ ਜਾਂਚ ਸਿਹਤ ਵਿਭਾਗ ਦੇ ਨਾਲ ਨਾਲ ਕਿਸੇ ਹੋਰ ਨਿਰਪੱਖ ਜਾਂਚ ਏਜੰਸੀ ਨੂੰ ਸੌਂਪੀ ਜਾਣੀ ਚਾਹੀਦੀ ਹੈ ਤਾਂ ਜੋ ਲਾਪਰਵਾਹੀ ਵਰਤਣ ਵਾਲੇ ਡਾਕਟਰਾਂ ਤੇ ਸਖਤ ਕਾਰਵਾਈ ਹੋਵੇ, ਅਤੇ ਸਰਕਾਰੀ ਹਸਪਤਾਲਾਂ ਵਿੱਚ ਸੂਬੇ ਦੇ ਲੋਕਾਂ ਦਾ ਮੁੜ ਭਰੋਸਾ ਜਾਗ ਸਕੇ।
