ਅਮਰੀਕਾ : ਮਾਲ ਵਿਚ ਵੜ ਕੇ ਲੋਕਾਂ ’ਤੇ ਚਾਕੂ ਨਾਲ ਕੀਤਾ ਹਮਲਾ, 11 ਵਿਅਕਤੀ ਜ਼ਖ਼ਮੀ


(ਨਿਊਜ਼ ਟਾਊਨ ਨੈਟਵਰਕ)
ਵਾਸ਼ਿੰਗਟਨ, 27 ਜੁਲਾਈ : ਅਮਰੀਕਾ ਦੇ ਮਿਸ਼ੀਗਨ ਦੇ ਵਾਲਮਾਰਟ ਮਾਲ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇਥੇ ਇਕ ਵਿਅਕਤੀ ਨੇ 11 ਲੋਕਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿਤਾ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ, ਇਸ ਘਟਨਾ ਨੂੰ ਇਕ 42 ਸਾਲਾ ਵਿਅਕਤੀ ਨੇ ਅੰਜਾਮ ਦਿਤਾ। ਉਹ ਸ਼ਾਮ 4:45 ਵਜੇ ਦੇ ਕਰੀਬ ਮਾਲ ਵਿਚ ਦਾਖ਼ਲ ਹੋਇਆ ਅਤੇ ਅਚਾਨਕ ਲੋਕਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿਤਾ। ਸੂਚਨਾ ਮਿਲਦੇ ਹੀ ਪੁਲਿਸ ਉਥੇ ਪਹੁੰਚ ਗਈ ਅਤੇ ਸ਼ੱਕੀ ਨੂੰ ਫੜ ਲਿਆ, ਪਰ ਉਦੋਂ ਤਕ ਉਹ 11 ਲੋਕਾਂ ‘ਤੇ ਹਮਲਾ ਕਰ ਚੁੱਕਾ ਸੀ। ਘਟਨਾ ਵਿਚ ਛੇ ਲੋਕ ਗੰਭੀਰ ਜ਼ਖਮੀ ਹਨ। ਫਿਲਹਾਲ ਅਮਰੀਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਟਨਾ ਪਿੱਛੇ ਹਮਲਾਵਰ ਦਾ ਕੀ ਇਰਾਦਾ ਸੀ। ਘਟਨਾ ਦੇ ਚਸ਼ਮਦੀਦਾਂ ਵਲੋਂ ਦਿਤਾ ਗਿਆ ਵੇਰਵਾ ਕਾਫ਼ੀ ਭਿਆਨਕ ਹੈ। ਇਕ ਚਸ਼ਮਦੀਦ ਗਵਾਹ ਨੇ ਕਿਹਾ ਕਿ ਇਕ ਵਿਅਕਤੀ ਦੀ ਅੱਖ ਵਿਚ ਚਾਕੂ ਮਾਰਿਆ ਗਿਆ ਸੀ। ਮਾਲ ਕਰਮਚਾਰੀ ਤਾਸ਼ਾ ਨੈਸ਼ ਨੇ ਚੈਨਲ 2 ਨੂੰ ਦੱਸਿਆ ਕਿ ਉਹ ਚਾਕੂ ਲੈ ਕੇ ਅੰਦਰ ਆਇਆ ਸੀ। ਕੁਝ ਹੀ ਦੇਰ ਵਿੱਚ ਉਸਨੇ ਛੇ ਲੋਕਾਂ ‘ਤੇ ਚਾਕੂ ਮਾਰ ਦਿਤਾ। ਇਕ ਵਿਅਕਤੀ ਲੋਕਾਂ ‘ਤੇ ਹਮਲਾ ਕਰ ਰਿਹਾ ਸੀ, ਫਿਰ ਮਾਲ ਵਿਚ ਮੌਜੂਦ ਕੁਝ ਲੋਕਾਂ ਨੇ ਬਹਾਦਰੀ ਦਿਖਾਈ। ਉਨ੍ਹਾਂ ਨੇ ਹਮਲਾਵਰ ਨੂੰ ਫੜ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ, ਪੁਲਿਸ ਆਈ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਹਾਲਾਂਕਿ, ਹਮਲਾਵਰ ਦਾ ਨਾਮ ਅਜੇ ਤਕ ਸਾਹਮਣੇ ਨਹੀਂ ਆਇਆ ਹੈ।
ਮੁਨਸਨ ਹੈਲਥਕੇਅਰ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਉੱਤਰੀ ਮਿਸ਼ੀਗਨ ਦੇ ਇਸ ਹਸਪਤਾਲ ਵਿਚ 11 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਦੀ ਬੁਲਾਰਨ ਮੇਗਨ ਬ੍ਰਾਊਨ ਨੇ ਕਿਹਾ ਕਿ ਸਾਰੇ ਲੋਕ ਚਾਕੂ ਦੇ ਜ਼ਖ਼ਮਾਂ ਨਾਲ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਨੀਵਾਰ ਦੇਰ ਰਾਤ ਤਕ ਛੇ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਅਤੇ ਪੰਜ ਦੀ ਹਾਲਤ ਗੰਭੀਰ ਹੈ।
