ਨਿਵੇਕਲੀ ਪਹਿਲ, ਰਾਹਤ ਕੈਂਪ ਤੋਂ ਘਰ ਵਾਪਸੀ ਸਮੇਂ ਮਹਿਲਾਵਾਂ ਨੂੰ ਦਿੱਤੇ ਸੂਟ

0
WhatsApp Image 2025-09-17 at 5.09.28 PM

(ਨਿਊਜ਼ ਟਾਊਨ ਨੈੱਟਵਰਕ) :

ਜਲਾਲਾਬਾਦ, 17 ਸਤੰਬਰ (ਵਿਜੇ ਦਹੂਜਾ /ਅਮਰੀਕ ਤਨੇਜਾ ) : ਫਾਜ਼ਿਲਕਾ ਜ਼ਿਲ੍ਹੇ ਵਿਚ ਹੜ੍ਹਾਂ ਦਾ ਪ੍ਰਭਾਵ ਘੱਟਣ ਲੱਗਿਆ ਹੈ ਅਤੇ ਰਾਹਤ ਕੈਂਪਾਂ ਵਿਚੋਂ ਪਰਿਵਾਰ ਵਾਪਿਸ ਆਪਣੇ ਘਰਾਂ ਨੂੰ ਜਾ ਰਹੇ ਹਨ। ਪਰ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਪ੍ਰੇਰਣਾ ਨਾਲ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਵਿਖੇ ਬਣੇ ਰਾਹਤ ਕੈਂਪ ਵਿਚ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ। ਕੈਂਪ ਤੋਂ ਘਰਾਂ ਨੂੰ ਵਾਪਸ ਮੁੜਨ ਮੌਕੇ ਪਰਿਵਾਰ ਦੀਆਂ ਮਹਿਲਾਵਾਂ ਨੂੰ ਇੱਕ ਇੱਕ ਸੂਟ ਭੇਂਟ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਪ੍ਰਿੰਸੀਪਲ ਰਾਜਿੰਦਰ ਵਿਖੋਣਾ ਨੇ ਦੱਸਿਆ ਕਿ ਇੱਥੇ 87 ਪਰਿਵਾਰ ਵੱਖ-ਵੱਖ ਪਿੰਡਾਂ ਜਿਵੇਂ ਝੰਗੜ ਭੈਣੀ, ਗੁੱਦੜ ਭੈਣੀ, ਮਹਾਤਮ ਨਗਰ, ਰੇਤੇਵਾਲੀ ਭੈਣੀ, ਘੁਰਕਾ ਅਤੇ ਨੂਰ ਸ਼ਾਹ ਆਦਿ ਪਿੰਡਾਂ ਤੋਂ ਪਹੁੰਚੇ ਸਨ। ਇਹਨਾਂ ਵਿੱਚ 100 ਔਰਤਾਂ ਵੀ ਸ਼ਾਮਿਲ ਸਨ ਹੁਣ ਹੜਾਂ ਦੀ ਮਾਰ ਘਟਣ ਨਾਲ ਇਹ ਪਰਿਵਾਰ ਵਾਪਸ ਜਾ ਰਹੇ ਹਨ। ਪ੍ਰਿੰਸੀਪਲ ਰਜਿੰਦਰ ਵਿਖੋਣਾ ਆਖਦੇ ਹਨ ਕਿ ਜਿਵੇਂ ਮਹਿਲਾਵਾਂ ਆਪਣੇ ਭਰਾ ਦੇ ਘਰ ਆਉਂਦੀਆਂ ਹਨ ਤੇ ਵਾਪਸੀ ਸਮੇਂ ਭਰਾ ਆਪਣੀਆਂ ਭੈਣਾਂ ਨੂੰ ਇੱਕ ਸੂਟ ਦਿੰਦਾ ਹੈ ਉਸੇ ਤਰਜ ਤੇ ਹੀ ਉਹਨਾਂ ਨੇ ਵੀ ਫੈਸਲਾ ਕੀਤਾ ਕਿ ਇੱਥੋਂ ਘਰਾਂ ਨੂੰ ਵਾਪਸ ਜਾਣ ਮੌਕੇ ਮਹਿਲਾਵਾਂ ਨੂੰ ਇੱਕ-ਇੱਕ ਸੂਟ ਦਿੱਤਾ ਜਾਵੇ । ਉਹਨਾਂ ਦੇ ਇਸ ਸੰਕਲਪ ਨੂੰ ਸਾਕਾਰ ਰੂਪ ਦੇਣ ਵਿੱਚ ਉਨਾਂ ਦੇ ਸਮੁੱਚੇ ਸਟਾਫ ਅਤੇ ਵਿਖੋਣਾ ਪਰਿਵਾਰ ਤੋਂ ਇਲਾਵਾ ਵੱਖ-ਵੱਖ ਸਮਾਜਿਕ ਧਾਰਮਿਕ ਸੰਸਥਾਵਾਂ ਲਾਡਲੀ ਸਰਕਾਰ ਮੰਦਰ ਫਾਜ਼ਿਲਕਾ, ਖੁਰਾਨਾ ਡੇਅਰੀ ਫਾਰਮ ਨੇ ਵੀ ਵਡਮੁੱਲਾ ਸਹਿਯੋਗ ਦਿੱਤਾ ਅਤੇ ਹੁਣ ਤੱਕ ਘਰਾਂ ਨੂੰ ਪਰਤੇ ਪਰਿਵਾਰਾਂ ਦੀਆਂ 90 ਮਹਿਲਾਵਾਂ ਨੂੰ ਸੂਟ ਵੰਡੇ ਜਾ ਚੁੱਕੇ ਹਨ। ਇਥੋਂ ਘਰ ਨੂੰ ਪਰਤੀ ਗੁੱਡੋ ਬਾਈ ਆਖਦੀ ਹੈ ਕਿ ਰਾਹਤ ਕੈਂਪ ਵਿੱਚ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਪ੍ਰਕਾਰ ਦੀ ਮਦਦ ਮੁਹਈਆ ਕਰਵਾਈ ਗਈ ਅਤੇ ਉਹਨਾਂ ਨੂੰ ਇੱਥੇ ਘਰ ਵਰਗਾ ਮਾਹੌਲ ਮਿਲਿਆ। ਉਹਨਾਂ ਨੇ ਕਿਹਾ ਕਿ ਵਾਪਸੀ ਤੇ ਜਦ ਸੂਟ ਦਿੱਤਾ ਗਿਆ ਤਾਂ ਸਾਨੂੰ ਇੰਝ ਲੱਗਿਆ ਜਿਵੇਂ ਅਸੀਂ ਪੇਕੇ ਘਰ ਤੋਂ ਆਪਣੇ ਘਰ ਨੂੰ ਮੁੜ ਰਹੇ ਹੋਈਏ। ਬੋਕਸ ਲਈ ਪ੍ਰਸਤਾਵਿਤ ਰਾਹਤ ਚਾਰ ਘੰਟੇ ਪ੍ਰੋਜੈਕਟ ਨਾਲ ਬੱਚਿਆਂ ਨੂੰ ਜੋੜਿਆ ਰੋਚਕ ਗਤੀਵਿਧੀਆਂ ਨਾਲ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਸੇਧ ਨਾਲ ਪ੍ਰਿੰਸੀਪਲ ਰਾਜਿੰਦਰ ਵਿਖੋਣਾ ਨੇ ਰਾਹਤ ਚਾਰ ਘੰਟੇ ਪ੍ਰੋਜੈਕਟ ਵੀ ਇਹਨਾਂ ਹੜਾਂ ਦੌਰਾਨ ਰਾਹਤ ਕੈਂਪਾਂ ਵਿੱਚ ਚਲਾਇਆ। ਜਿਸ ਦੌਰਾਨ ਇੱਥੇ ਪਹੁੰਚੇ ਬੱਚਿਆਂ ਨੂੰ ਸਹਿ-ਵਿਦਿਅਕ ਗਤੀਵਿਧੀਆਂ ਨਾਲ ਜੋੜ ਕੇ ਉਹਨਾਂ ਦੀ ਸ਼ਖਸ਼ੀਅਤ ਉਸਾਰੀ ਦੇ ਉਪਰਾਲੇ ਕੀਤੇ ਗਏ ਅਤੇ ਨਾਲ ਦੀ ਨਾਲ ਹੈਪੀਨਸ ਕਲਾਸਾਂ ਲਗਾਈਆਂ ਗਈਆਂ । ਇਸ ਵਿਚ ਬੱਚਿਆਂ ਨੂੰ ਹੜ੍ਹਾਂ ਤੋਂ ਬਚਣ, ਰਾਹਤ ਕੈਂਪਾਂ ਵਿਚ ਰਹਿਣ ਵੇਲੇ ਦਾ ਵਿਹਾਰ  ਅਤੇ ਜੀਵਨ ਵਿਚ ਅੱਗੇ ਵੱਧਣ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਵਿੱਚ ਉਹਨਾਂ ਦਾ ਪ੍ਰਵੀਨ ਕੁਮਾਰ, ਅਗਮ ਕੁਮਾਰ, ਰਾਜਪ੍ਰੀਤ, ਰਾਜੇਸ਼ ਕੁਮਾਰ, ਸੁਮਨ ਰਾਣੀ, ਨਰੇਸ਼ ਕੁਮਾਰ, ਅਮਰ ਕੌਰ ਅਤੇ ਸਮਾਜਿਕ ਭਲਾਈ ਵਿਭਾਗ ਵੱਲੋਂ ਸਹਿਯੋਗ ਕੀਤਾ ਗਿਆ।

Leave a Reply

Your email address will not be published. Required fields are marked *