ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੇ ਜਲਦ ਹੜ੍ਹ ਪੀੜਤਾਂ ਦੀ ਬਾਂਹ ਫੜਨ ਦਾ ਦਿਤਾ ਭਰੋਸਾ


ਅੰਮ੍ਰਿਤਸਰ, 4 ਸਤੰਬਰ (ਨਰਿੰਦਰ ਸੇਠੀ) : ਪਿਛਲੇ 9 ਦਿਨਾਂ ਤੋਂ ਹਲਕਾ ਅਜਨਾਲਾ ‘ਚ ਰਾਵੀ ਦਰਿਆ ਦੇ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਹੇ ਹੜ੍ਹ ਪੀੜਤਾਂ ਦੀ ਸਾਰ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਇਥੇ ਅੱਜ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਵਰਾਜ ਚੌਹਾਨ ਉਚੇਚੇ ਤੌਰ ਤੇ ਪੁੱਜੇ। ਵਿਧਾਇਕ ਤੇ ਸਾਬਕਾ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਅਤੇ ਪੁਨਰਵਾਸ ਲਈ ਕੇਂਦਰੀ ਮਦਦ ਦਿਤੀ ਜਾਵੇ। ਉਨ੍ਹਾਂ ਦੱਸਿਆ ਕਿ ਭਾਰਤ-ਪਾਕਿ ਕੌਮਾਂਤਰੀ ਸਰਹੱਦ ਉਤੇ ਕਰੀਬ 49 ਕਿਲੋਮੀਟਰ ਲੰਮੀ ਸਰਹੱਦ ਉਤੇ ਰਾਵੀ ਦਰਿਆ ਦਾ ਪਾਣੀ ਲਗਭਗ ਹਰ ਸਾਲ ਜਾਨੀ ਮਾਲੀ ਨੁਕਸਾਨ ਦੀ ਬਰਬਾਦੀ ਲਿਆਉਂਦਾ ਹੈ। ਸ. ਧਾਲੀਵਾਲ ਨੇ ਕੇਂਦਰੀ ਮੰਤਰੀ ਸ੍ਰੀ ਚੌਹਾਨ ਨੂੰ ਜਾਣਕਾਰੀ ਦਿਤੀ ਕਿ ਇਸੇ ਕੌਮਾਂਤਰੀ ਰਾਵੀ ਦਰਿਆ ਦੀ ਮਾਰ ਝਲਦੇ ਅਤੇ ਕੌਮਾਂਤਰੀ ਸਰਹੱਦੀ ਖੇਤਰ ਦੀਆਂ ਅਣਸੁਖਾਵੀਆਂ ਪ੍ਰਸਥਿਤੀਆਂ ਦਰਮਿਆਨ ਕਿਸਾਨਾਂ ਸਮੇਤ ਖੇਤ ਮਜ਼ਦੂਰਾਂ ਵਲੋਂ ਜ਼ਮੀਨਾਂ ਨੂੰ ਕਰੜੀ ਮਿਹਨਤ ਮੁਸ਼ੱਕਤ ਨਾਲ ਉਪਜਾਊ ਬਣਾਇਆ ਗਿਆ। ਇਸ ਤੋਂ ਪਹਿਲਾਂ ਕੌਮਾਂਤਰੀ ਹਵਾਈ ਅੱਡਾ ਸ੍ਰੀ ਗੁਰੁ ਰਾਮਦਾਸ ਜੀ ਰਾਜਾਸਾਂਸੀ ਵਿਖੇ ਵਿਧਾਇਕ ਤੇ ਸਾਬਕਾ ਮੰਤਰੀ ਸ: ਧਾਲੀਵਾਲ ਨੇ ਪੰਜਾਬ ਦੇ ਖੇਤੀ ਤੇ ਕਿਸਾਨ ਭਲਾਈ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆ ਦੀ ਸ਼ਮੂਲੀਅਤ ਨਾਲ ਜਿੱਥੇ ਕੇਂਦਰੀ ਮੰਤਰੀ ਸ੍ਰੀ ਚੌਹਾਨ ਦਾ ਸੁਆਗਤ ਕੀਤਾ, ਉਥੇ ਹਲਕਾ ਅਜਨਾਲਾ ਦੇ ਹੜ੍ਹ ਪੀੜਤਾਂ ਦੇ ਪੁਨਰ ਵਸੇਬੇ ਤੇ ਰਾਹਤ ਲਈ ਪਹਿਲੇ ਪੜਾਅ ਵਿਚ 2 ਹਜ਼ਰ ਕਰੋੜ ਰੁਪਏ ਦਾ ਵਿੱਤੀ ਪੈਕੇਜ ਦੇਣ ਅਤੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਵੱਲ ਬਕਾਇਆ ਪਏ 60 ਹਜ਼ਾਰ ਕਰੋੜ ਰੁਪਏ ਦੇ ਫੰਡ ਵੀ ਤੁਰੰਤ ਜਾਰੀ ਕਰਵਾਉਣ ਲਈ ਮੰਗ-ਪੱਤਰ ਸੌਂਪਦਿਆਂ ਗਿਆ। ਕੇਂਦਰੀ ਮੰਤਰੀ ਨੇ ਭਰੋਸਾ ਦਿਤਾ ਕਿ ਕੇਂਦਰ ਸਰਕਾਰ ਜਲਦੀ ਹੀ ਰਾਹਤ ਅਤੇ ਪੁਨਰਵਾਸ ਲਈ ਲੋੜੀਂਦੀ ਸਹਾਇਤਾ ਪੰਜਾਬ ਸਰਕਾਰ ਨੂੰ ਜਾਰੀ ਕਰਨ ਵਿਚ ਉਚਿਤ ਕਦਮ ਚੁੱਕੇਗੀ।