ਢਕੌਲੀ ਰੇਲਵੇ ਫਾਟਕ ਨੇੜੇ ਅਣਪਛਾਤੇ ਦੀ ਰੇਲ ਹਾਦਸੇ ਵਿਚ ਮੌਤ


ਜ਼ੀਰਕਪੁਰ, 24 ਜੁਲਾਈ (ਅਵਤਾਰ ਧੀਮਾਨ) : ਢਕੌਲੀ ਰੇਲਵੇ ਸਟੇਸ਼ਨ ਨੇੜੇ ਕਲ ਦੁਪਹਿਰ ਇੱਕ ਅਣਪਛਾਤੇ ਵਿਅਕਤੀ ਦੀ ਮਾਲਗੱਡੀ ਦੀ ਚਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਇਹ ਘਟਨਾ ਰੇਲਵੇ ਫਾਟਕ ਨੰਬਰ 120 (ਢਕੌਲੀ) ਦੇ ਨੇੜੇ ਵਾਪਰੀ।ਘਟਨਾ ਤੋਂ ਬਾਅਦ ਜ਼ਖ਼ਮੀ ਵਿਅਕਤੀ ਨੂੰ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਸਰਕਾਰੀ ਦਵਾਖਾਨਾ ਢਕੌਲੀ ਲਿਜਾਇਆ ਗਿਆ, ਜਿਥੋਂ ਉਸ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਸ ਨੂੰ ਚੰਡੀਗੜ੍ਹ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਹਸਪਤਾਲ ਵਿਖੇ ਰੈਫਰ ਕਰ ਦਿਤਾ ਗਿਆ। ਪੁਲਿਸ ਅਨੁਸਾਰ ਰਾਤ ਸਮੇਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਰੇਲਵੇ ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਹੁਣ ਤਕ ਨਹੀਂ ਹੋ ਸਕੀ। ਉਨ੍ਹਾਂ ਦੀ ਉਮਰ ਲਗਭਗ 35 ਤੋਂ 40 ਸਾਲ ਦਰਸਾਈ ਜਾ ਰਹੀ ਹੈ। ਉਸ ਦਾ ਰੰਗ ਸਾਵਲਾ, ਚਿਹਰਾ ਗੋਲ ਅਤੇ ਨੱਕ ਚੌੜਾ ਹੈ। ਉਨ੍ਹਾਂ ਨੇ ਕ੍ਰੀਮ ਰੰਗ ਦੀ ਕਮੀਜ਼ ਪਾਈ ਹੋਈ ਸੀ ਜਿਸ ‘ਤੇ ਸੰਤਰੀ ਅਤੇ ਚਿੱਟੇ ਰੰਗ ਦੀ ਛਾਪ ਸੀ, ਜਦਕਿ ਹੇਠਾਂ ਮੋਰ ਰੰਗ ਦੀ ਕੱਛ ਪਾਈ ਹੋਈ ਸੀ। ਰੇਲਵੇ ਸੁਰੱਖਿਆ ਪੁਲਿਸ ਚੌਕੀ ਘੱਗਰ ਦੇ ਸਹਾਇਕ ਥਾਣੇਦਾਰ ਗੁਰਜਿੰਦਰ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਲਾਸ਼ ਦੀ ਪਛਾਣ ਲਈ ਉਸ ਨੂੰ 72 ਘੰਟਿਆਂ ਲਈ ਸਿਵਲ ਦਵਾਖਾਨਾ ਡੇਰਾਬੱਸੀ ਦੇ ਸ਼ਵਗ੍ਰਿਹ ਵਿਚ ਰੱਖਵਾਇਆ ਗਿਆ ਹੈ।ਪੁਲਿਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਮ੍ਰਿਤਕ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਤੁਰੰਤ 99149-25053 ਨੰਬਰ ‘ਤੇ ਰੇਲਵੇ ਪੁਲਿਸ ਨਾਲ ਸੰਪਰਕ ਕਰੇ।
