ਟਰੰਪ ਦੀ ਸ਼ਹਿ ਹੇਠ ਅਮਰੀਕਾ ‘ਚ ਖ਼ਾਲਿਸਤਾਨੀਆਂ ਦਾ ਭਾਰਤ ਵਿਰੁਧ ਵੱਡਾ ਕਾਂਡ !


ਗੁਰਪਤਵੰਤ ਪੰਨੂ ਨੇ ਜਾਰੀ ਕੀਤੀ ਵੀਡੀਓ

(ਨਿਊਜ਼ ਟਾਊਨ ਨੈਟਵਰਕ)
ਵਾਸ਼ਿੰਗਟਨ ਡੀਸੀ, 18 ਅਗਸਤ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਉਪਰ ਲਗਾਤਾਰ ਟੈਰਿਫ ਹਮਲਿਆਂ ਦੇ ਵਿਚਾਲੇ ਹੁਣ ਖ਼ਾਲਿਸਤਾਨੀਆਂ ਨੇ ਵੱਡਾ ਕਾਂਡ ਕਰ ਦਿਤਾ ਹੈ। ਖਾਲਿਸਤਾਨੀ ਸਮਰਥਕ ਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਰੈਫਰੈਂਡਮ ਕਰਵਾਇਆ ਹੈ। ਪੰਨੂ ਨੇ ਇਸ ਰੈਫਰੈਂਡਮ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਇਸ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ ਉਹ ਭਾਰਤ ਦੇ ਟੁਕੜੇ-ਟੁਕੜੇ ਕਰਨ ਲਈ ਬੰਬ ਤਿਆਰ ਕਰ ਰਿਹਾ ਹੈ। ਅਹਿਮ ਗੱਲਹੈ ਕਿ ਗੁਰਪਤਵੰਤ ਸਿੰਘ ਪੰਨੂ ਪਿਛਲੇ ਸਮੇਂ ਤੋਂ ਸ਼ਰੇਆਮ ਭਾਰਤ ਨੂੰ ਧਮਕੀਆਂ ਦੇ ਰਿਹਾ ਹੈ ਪਰ ਅਮਰੀਕੀ ਸਰਕਾਰ ਇਸ ਦਾ ਕੋਈ ਨੋਟਿਸ ਨਹੀਂ ਲੈ ਰਹੀ। ਇਸ ਤੋਂ ਇਲਾਵਾ ਗੁਰਪਤਵੰਤ ਸਿੰਘ ਪੰਨੂ ਕਈ ਵਾਰ ਵਾਈਟ ਹਾਊਸ ਵਿੱਚ ਵੇਖਿਆ ਗਿਆ ਹੈ ਜਿਸ ਕਰਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਚਰਚਾ ਹੈ ਕਿ ਭਾਰਤ ਨਾਲ ਸਬੰਧ ਖਰਾਬ ਹੋਣ ਮਗਰੋਂ ਟਰੰਪ ਖਾਲਿਸਤਾਨੀਆਂ ਨੂੰ ਸ਼ਹਿ ਦੇ ਰਿਹਾ ਹੈ। ਰੈਫਰੈਂਡਮ ਮਗਰੋਂ ਜਾਰੀ ਵੀਡੀਓ ਵਿੱਚ ਪੰਨੂ ਦਾਅਵਾ ਕਰ ਰਿਹਾ ਹੈ ਕਿ ਭਾਰਤ ਦੇ ਟੁੱਕੜੇ ਕਰਨ ਲਈ ਬੰਬ ਤਿਆਰ ਕੀਤੇ ਗਏ ਹਨ। ਜਿੰਨੇ ਵੀ ਬੰਬ ਬਣਾਏ ਗਏ ਹਨ, ਉਹ ਆਪਣੇ ਝੰਡੇ ਚੁੱਕਣ-ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਹਰ ਬੰਬ ਵਿੱਚ ਰੈਫਰੈਂਡਮ ਦਾ ਬਾਰੂਦ ਹੈ। ਭਾਰਤ ਨੂੰ ਤਹਿਸ-ਨਹਿਸ ਕਰ ਦਿਆਂਗੇ। ਖਾਲਿਸਤਾਨ ਜ਼ਿੰਦਾਬਾਦ। ਇਸ ਦੇ ਨਾਲ ਹੀ ਖਾਲਿਸਤਾਨ ਸਮਰਥਕਾਂ ਵੱਲੋਂ ਵਾਸ਼ਿੰਗਟਨ ਡੀਸੀ ਵਿੱਚ ਦਿੱਲੀ ਬਣੇਗਾ ਖਾਲਿਸਤਾਨ ਤੇ ਹਰਿਆਣਾ ਬਣੇਗਾ ਖਾਲਿਸਤਾਨ ਦੇ ਨਾਅਰੇ ਲਗਾਉਂਦੇ ਵੀ ਦੇਖਿਆ ਗਿਆ। ਪੰਨੂ ਦੁਆਰਾ ਜਾਰੀ ਕੀਤੀ ਗਈ ਵੀਡੀਓ 1 ਮਿੰਟ 28 ਸਕਿੰਟ ਲੰਬੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ। ਪੰਨੂ ਦਾ ਦਾਅਵਾ ਹੈ ਕਿ ਵਾਸ਼ਿੰਗਟਨ ਡੀਸੀ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਲਗਪਗ 16 ਹਜ਼ਾਰ ਵੋਟਾਂ ਪਈਆਂ ਹਨ। ਪੰਨੂ ਵੱਲੋਂ ਇਸ ਰੈਫਰੈਂਡਮ ਦੀ ਕਾਫੀ ਸਮੇਂ ਤੋਂ ਤਿਆਰੀ ਕੀਤੀ ਜਾ ਰਹੀ ਹੈ। ਖਾਲਿਸਤਾਨੀ ਰੈਫਰੈਂਡਮ ਰਾਹੀਂ ਵਿਦੇਸ਼ੀ ਸਰਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਹਨ।