AI ਦੁਆਰਾ ਤਿਆਰ ਕੀਤੀ ਸਮੱਗਰੀ ਅਤੇ ਨਾਮ-ਚਿੱਤਰ ਦੀ ਬਿਨ੍ਹਾਂ ਆਗਿਆ ਵਰਤੋਂ ਹੁਣ ਗੈਰ-ਕਾਨੂੰਨੀ: ਦਿੱਲੀ HC


ਨਵੀਂ ਦਿੱਲੀ, 11 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਨਾਮ, ਤਸਵੀਰ, ਆਵਾਜ਼ ਜਾਂ ਕਿਸੇ ਵੀ AI-ਤਿਆਰ ਕੀਤੀ ਸਮੱਗਰੀ ਦੀ ਅਣਅਧਿਕਾਰਤ ਵਰਤੋਂ ‘ਤੇ ਇਕ ਵੱਡਾ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਵੈੱਬਸਾਈਟ, ਯੂਟਿਊਬ ਚੈਨਲ ਜਾਂ ਔਨਲਾਈਨ ਪਲੇਟਫਾਰਮ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਹੈ। ਜਸਟਿਸ ਤੇਜਸ ਕਰੀਆ ਨੇ ਅੰਤਰਿਮ ਹੁਕਮ ਵਿਚ ਕਿਹਾ ਕਿ ਮਸ਼ਹੂਰ ਹਸਤੀਆਂ ਦੀ ਪਛਾਣ ਦੀ ਦੁਰਵਰਤੋਂ ਉਨ੍ਹਾਂ ਦੀ ਇੱਜ਼ਤ ਅਤੇ ਸਮਾਜਿਕ ਸਤਿਕਾਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਅਦਾਲਤ ਨੇ ਚੇਤਾਵਨੀ ਦਿਤੀ ਕਿ ਜੇਕਰ ਤੁਰੰਤ ਨਾ ਰੋਕਿਆ ਗਿਆ ਤਾਂ ਐਸ਼ਵਰਿਆ ਅਤੇ ਉਸਦੇ ਪਰਿਵਾਰ ਦੀ ਸਾਖ ਅਤੇ ਵਿੱਤੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ। ਅਦਾਕਾਰਾ ਨੇ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਕਈ ਵੈੱਬਸਾਈਟਾਂ ਅਤੇ ਈ-ਕਾਮਰਸ ਪਲੇਟਫਾਰਮ ਉਸਦੇ ਨਾਮ ਅਤੇ ਤਸਵੀਰ ਦੀ ਵਰਤੋਂ ਕਰਕੇ ਉਤਪਾਦ ਵੇਚ ਰਹੇ ਹਨ। ਇਸ ਤੋਂ ਇਲਾਵਾ AI-ਤਿਆਰ ਕੀਤੀ ਅਸ਼ਲੀਲ ਸਮੱਗਰੀ ਵੀ ਉਸਦੇ ਨਾਮ ‘ਤੇ ਔਨਲਾਈਨ ਫੈਲ ਰਹੀ ਸੀ, ਜਿਸਦਾ ਉਸਦੀ ਨਿੱਜੀ ਜ਼ਿੰਦਗੀ ਅਤੇ ਸਮਾਜਿਕ ਛਵੀ ‘ਤੇ ਗੰਭੀਰ ਪ੍ਰਭਾਵ ਪਿਆ। ਅਦਾਲਤ ਨੇ ਇਹ ਵੀ ਕਿਹਾ ਕਿ ਨਿੱਜੀ ਅਧਿਕਾਰ (ਪ੍ਰਚਾਰ ਦਾ ਅਧਿਕਾਰ) ਦੇ ਤਹਿਤ ਕਿਸੇ ਵੀ ਵਿਅਕਤੀ ਦਾ ਆਪਣੇ ਨਾਮ, ਆਵਾਜ਼, ਫੋਟੋ ਜਾਂ ਪਛਾਣ ‘ਤੇ ਪੂਰਾ ਨਿਯੰਤਰਣ ਹੈ ਅਤੇ ਕੋਈ ਵੀ ਸੰਸਥਾ ਜਾਂ ਵਿਅਕਤੀ ਇਸਦੀ ਇਜਾਜ਼ਤ ਤੋਂ ਬਿਨਾਂ ਵਪਾਰਕ ਤੌਰ ‘ਤੇ ਵਰਤੋਂ ਨਹੀਂ ਕਰ ਸਕਦਾ।
