ਇੰਗਲੈਂਡ ਦੀ ਸੰਸਦ ਨੇ ਟਰੰਪ ਨੂੰ ਐਲਾਨਿਆ ‘ਅੰਤਰਰਾਸ਼ਟਰੀ ਗੈਂਗਸਟਰ’

ਬ੍ਰਿਟਿਸ਼ ਸਾਂਸਦ ਨੇ ਅਮਰੀਕੀ ਰਾਸ਼ਟਰਪਤੀ ਨੂੰ ਹੁਣ ਤਕ ਦਾ ਸਭ ਤੋਂ ਭ੍ਰਿਸ਼ਟ ਨੇਤਾ ਕਿਹਾ
ਕਿਹਾ, ਇੰਗਲੈਂਡ-ਅਮਰੀਕਾ ਦੇ ਆਪਸੀ ਸਬੰਧ ਟੁੱਟਣ ਦੇ ਕੰਢੇ

ਲੰਡਨ, 21 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ ਧਮਕੀਆਂ ਹੁਣ ਉਨ੍ਹਾਂ ਦੇ ਸਹਿਯੋਗੀਆਂ ਨੂੰ ਵੀ ਪਰੇਸ਼ਾਨ ਕਰ ਰਹੀਆਂ ਹਨ। ਅਮਰੀਕੀ ਵਿਦੇਸ਼ ਨੀਤੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਇੱਕ ਬ੍ਰਿਟਿਸ਼ ਸੰਸਦ ਮੈਂਬਰ ਨੇ ਟਰੰਪ ਨੂੰ “ਅੰਤਰਰਾਸ਼ਟਰੀ ਗੈਂਗਸਟਰ” ਅਤੇ ਅਮਰੀਕਾ ਦਾ ਹੁਣ ਤਕ ਦਾ ਸਭ ਤੋਂ ਭ੍ਰਿਸ਼ਟ ਰਾਸ਼ਟਰਪਤੀ ਕਿਹਾ। ਬ੍ਰਿਟਿਸ਼ ਸੰਸਦ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਲਿਬਰਲ ਡੈਮੋਕਰੇਟਸ ਦੇ ਨੇਤਾ ਐਡ ਡੇਵੀ ਨੇ ਯੂਨਾਈਟਿਡ ਕਿੰਗਡਮ ਅਤੇ ਇਸਦੇ ਯੂਰਪੀਅਨ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਣ ਲਈ ਟਰੰਪ ਦੀ ਆਲੋਚਨਾ ਕੀਤੀ। ਸੰਸਦ ਵਿੱਚ ਬ੍ਰਿਟਿਸ਼ ਸਰਕਾਰ ਨੂੰ ਸੰਬੋਧਨ ਕਰਦੇ ਹੋਏ ਐਡ ਡੇਵੀ ਨੇ ਮੌਜੂਦਾ ਵਿਸ਼ਵਵਿਆਪੀ ਕੂਟਨੀਤਕ ਮਾਹੌਲ ਨੂੰ ਇੱਕ ਬਹੁਤ ਹੀ ਗੰਭੀਰ ਸਮੇਂ ਵਜੋਂ ਦਰਸਾਇਆ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ‘ਤੇ ਬਿਨਾਂ ਕਿਸੇ ਭੜਕਾਹਟ ਦੇ ਹਮਲੇ ਦਾ ਦੋਸ਼ ਲਗਾਇਆ ਤੇ ਚੇਤਾਵਨੀ ਦਿੱਤੀ ਕਿ ਦੋਵਾਂ ਦੇਸ਼ਾਂ ਵਿਚਕਾਰ ਇਤਿਹਾਸਕ ਸਬੰਧ ਟੁੱਟਣ ਦੀ ਕਗਾਰ ‘ਤੇ ਹਨ। ਡੇਵੀ ਨੇ ਸਾਫ ਤੇ ਸਪੱਸ਼ਟ ਸ਼ਬਦਾਂ ਨਾਲ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਇਕ ਅਜਿਹੀ ਤਸਵੀਰ ਪੇਸ਼ ਕੀਤੀ ਜਿਹੜੀ ਸਹਿਯੋਗ ਦੀ ਥਾਂ ਜ਼ਬਰਦਸਤੀ ‘ਤੇ ਅਧਾਰਤ ਸੀ। ਡੇਵੀ ਨੇ ਕਿਹਾ, ਰਾਸ਼ਟਰਪਤੀ ਟਰੰਪ ਇੱਕ ਅੰਤਰਰਾਸ਼ਟਰੀ ਗੈਂਗਸਟਰ ਵਾਂਗ ਕੰਮ ਕਰ ਰਹੇ ਹਨ। ਬ੍ਰਿਟਿਸ਼ ਸਾਂਸਦ ਨੇ ਟਰੰਪ ‘ਤੇ ਇੱਕ ਸਹਿਯੋਗੀ ਦੇਸ਼ ਦੀ ਪ੍ਰਭੂਸੱਤਾ ਨੂੰ ਕੁਚਲਣ ਦੀ ਧਮਕੀ ਦੇਣ ਅਤੇ ਨਾਟੋ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ। ਡੇਵੀ ਨੇ ਟਰੰਪ ਨੂੰ ਇੱਕ ਧੱਕੇਸ਼ਾਹੀ ਕਰਨ ਵਾਲਾ ਵਿਅਕਤੀ ਦੱਸਿਆ ਜੋ ਸੋਚਦਾ ਹੈ ਕਿ ਜੇ ਲੋੜ ਪਈ ਤਾਂ ਤਾਕਤ ਵਰਤ ਕੇ ਉਹ ਜੋ ਚਾਹੁੰਦਾ ਹੈ ਉਹ ਪ੍ਰਾਪਤ ਕਰ ਸਕਦਾ ਹੈ। ਬ੍ਰਿਟਿਸ਼ ਸਾਂਸਦ ਨੇ ਦਲੀਲ ਦਿੱਤੀ ਕਿ ਇਸ ਘਟਨਾ ਨਾਲ ਅਮਰੀਕਾ ਦੇ ਮੁੱਖ ਵਿਰੋਧੀਆਂ ਰੂਸ ਅਤੇ ਚੀਨ ਨੂੰ ਫਾਇਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਵਲਾਦੀਮੀਰ ਪੁਤਿਨ ਅਤੇ ਸ਼ੀ ਜਿਨਪਿੰਗ ਹੀ ਟਰੰਪ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਨੇ ਬ੍ਰਿਟੇਨ ਵਿਚ ਲੇਬਰ ਪਾਰਟੀ ਦੀ ਸਰਕਾਰ ਅਤੇ ਪਿਛਲੀਆਂ ਕੰਜ਼ਰਵੇਟਿਵ ਸਰਕਾਰਾਂ ‘ਤੇ ਟਰੰਪ ਨੂੰ ਖੁਸ਼ ਕਰਨ, ਚਾਪਲੂਸੀ ਕਰਨ ਅਤੇ ਤਲਵੇ ਚੱਟਣ ਦਾ ਦੋਸ਼ ਲਗਾਇਆ। ਡੇਵੀ ਨੇ ਦਲੀਲ ਦਿੱਤੀ ਕਿ ਇਹ ਨੀਤੀ ਅਸਫਲ ਰਈ ਤੇ ਕਿਹਾ ਕਿ ਬ੍ਰਿਟੇਨ ਨੂੰ ਹੁਣ ਟਰੰਪ ਸਾਹਮਣੇ ਖੜ੍ਹੇ ਹੋਣ ਜਾਂ ਉਸਦੇ ਕ੍ਰਿਪਟੋ ਖਾਤੇ ਵਿੱਚ ਕੁਝ ਅਰਬ ਦੇ ਵਲੋਂ ਰਿਸ਼ਵਤ ਦੇਣ ਵਿਚੋਂ ਕਿਸੇ ਇੱਕ ਦੀ ਚੋਣ ਕਰਨੀ ਪਵੇਗੀ। ਗ੍ਰੀਨਲੈਂਡ ਦੇ ਸੰਬੰਧ ਵਿੱਚ ਟਰੰਪ ਨੇ ਬ੍ਰਿਟੇਨ ਸਮੇਤ 8 ਯੂਰਪੀਅਨ ਦੇਸ਼ਾਂ ਤੋਂ ਆਉਣ ਵਾਲੇ ਸਮਾਨ ‘ਤੇ 10% ਟੈਰਿਫ ਦਾ ਐਲਾਨ ਕੀਤਾ ਹੈ। ਇਹ ਟੈਰਿਫ ਉਨ੍ਹਾਂ ਦੇਸ਼ਾਂ ਦੇ ਵਿਰੁੱਧ ਸਿੱਧੇ ਜਵਾਬੀ ਕਾਰਵਾਈ ਅਤੇ ਪ੍ਰਤੀਕਿਰਿਆ ਹੈ ਜਿਨ੍ਹਾਂ ਨੇ ਡੈਨਮਾਰਕ ਦੇ ਗ੍ਰੀਨਲੈਂਡ ‘ਤੇ ਅਮਰੀਕੀ ਕਬਜ਼ੇ ਬਾਰੇ ਚਰਚਾ ਕਰਨ ਤੋਂ ਇਨਕਾਰ ਦਾ ਸਮਰਥਨ ਕੀਤਾ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਚੀਨ ਅਤੇ ਰੂਸ ਤੋਂ ਸੰਭਾਵੀ ਖਤਰਿਆਂ ਦਾ ਮੁਕਾਬਲਾ ਕਰਨ ਲਈ ਅਮਰੀਕਾ ਨੂੰ ਸੁਰੱਖਿਆ ਕਾਰਨਾਂ ਕਰਕੇ ਗ੍ਰੀਨਲੈਂਡ ਦੀ ਲੋੜ ਹੈ। ਟਰੰਪ ਨੇ ਅਮਰੀਕੀ ਵਿਸਥਾਰਵਾਦੀ ਨੀਤੀਆਂ, ਗਾਜ਼ਾ ਲਈ ਆਪਣੀਆਂ ਯੋਜਨਾਵਾਂ ਅਤੇ ਵਿਸ਼ਵ ਸ਼ਾਂਤੀ ਦੇ ਕਥਿਤ ਦਾਅਵਿਆਂ ਨੂੰ ਲੈ ਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਵੀ ਟਕਰਾਅ ਕੀਤਾ ਹੈ। ਟਰੰਪ ਨੇ ਫ੍ਰੈਂਚ ਵਾਈਨ ਅਤੇ ਸ਼ੈਂਪੇਨ ‘ਤੇ 200% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮੈਕਰੋਨ ਨੂੰ ਟਰੰਪ ਦੇ ਬੋਰਡ ਆਫ਼ ਪੀਸ ਇਨੀਸ਼ੀਏਟਿਵ ਵਿੱਚ ਸ਼ਾਮਲ ਹੋਣ ਲਈ ਮਜਬੂਰ ਹੋਣਾ ਪਵੇਗਾ, ਜੋ ਕਿ ਗਾਜ਼ਾ ਤੋਂ ਸ਼ੁਰੂ ਹੋਣ ਵਾਲੇ ਵਿਸ਼ਵਵਿਆਪੀ ਟਕਰਾਵਾਂ ਨੂੰ ਹੱਲ ਕਰਨ ਦੀ ਯੋਜਨਾ ਹੈ। ਦਰਅਸਲ ਟਕਰਾਅ ਉਦੋਂ ਵਧ ਗਿਆ ਜਦੋਂ ਟਰੰਪ ਨੇ ਮੈਕਰੋਨ ਦਾ ਇੱਕ ਨਿੱਜੀ ਸੰਦੇਸ਼ ਪ੍ਰਕਾਸ਼ਤ ਕਰ ਦਿਤਾ ਜਿਸ ਵਿੱਚ ਗ੍ਰੀਨਲੈਂਡ ਸੰਬੰਧੀ ਅਮਰੀਕੀ ਨੇਤਾ ਦੀਆਂ ਕਾਰਵਾਈਆਂ ਬਾਰੇ ਭੰਬਲਭੂਸਾ ਪ੍ਰਗਟ ਕੀਤਾ ਗਿਆ। ਫਰਾਂਸੀਸੀ ਮੰਤਰੀ ਐਨੀ ਜੇਨੇਵਾਰਡ ਨੇ ਇਨ੍ਹਾਂ ਚਾਲਾਂ ਨੂੰ ਬੇਰਹਿਮ ਅਤੇ ਬਲੈਕਮੇਲ ਦਾ ਹਥਿਆਰ ਦੱਸਿਆ ਅਤੇ ਕਿਹਾ ਕਿ ਯੂਰਪ ਅਜਿਹੇ ਤਣਾਅ ਨੂੰ ਬਰਦਾਸ਼ਤ ਨਹੀਂ ਕਰ ਸਕਦਾ।
