ਪੱਠੇ ਕੁਤਰਦਿਆਂ ਟੋਕੇ ਵਿਚ ਕਰੰਟ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ, ਇਕ ਦੀ ਹਾਲਤ ਗੰਭੀਰ


ਗੁਰਦਾਸਪੁਰ, 31 ਜੁਲਾਈ 2025 (ਨਿਊਜ਼ ਟਾਊਨ ਨੈਟਵਰਕ) :
ਗੁਰਦਾਸਪੁਰ ਦੇ ਪਿੰਡ ਦਬੁੜੀ ਵਿਚ ਪੱਠੇ ਕੁਤਰਦਿਆਂ ਟੋਕੇ ਵਿੱਚ ਅਚਾਨਕ ਕਰੰਟ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦ ਕਿ ਇਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਆਪਣੀ ਹਵੇਲੀ ਵਿੱਚ ਸ਼ਾਮ ਕਰੀਬ 7 ਵਜੇ ਬਿਜਲੀ ਵਾਲੀ ਮੋਟਰ ਰਾਹੀਂ ਟੋਕੇ ਉਤੇ ਪੱਠੇ ਕੁਤਰ ਰਹੇ ਸਨ। ਇਸ ਦੌਰਾਨ ਅਚਾਨਕ ਟੋਕੇ ਵਿੱਚ ਕਰੰਟ ਆਉਣ ਕਾਰਨ ਤਿੰਨੇ ਲਪੇਟ ਵਿੱਚ ਆ ਗਏ ਜਿਸ ਕਾਰਨ 2 ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦ ਕਿ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।
ਇਹ ਤਿੰਨੇ ਨੌਜਵਾਨ ਖੇਤੀਬਾੜੀ ਕਰਦੇ ਸਨ ਅਤੇ ਇਨ੍ਹਾਂ ਵਿੱਚ ਜਸਵਿੰਦਰ ਸਿੰਘ ਠਾਕੁਰ ਅਤੇ ਅਰਜਨ ਸਿੰਘ ਠਾਕੁਰ ਦੋਵੇਂ ਸਕੇ ਭਰਾ ਸਨ। ਮ੍ਰਿਤਕਾਂ ਦੀ ਪਛਾਣ ਜਸਵਿੰਦਰ ਸਿੰਘ (30) ਅਤੇ ਗਗਨ ਸਿੰਘ (26) ਵਜੋਂ ਹੋਈ ਹੈ ਅਤੇ ਅਰਜਨ ਸਿੰਘ ਠਾਕੁਰ ਗੰਭੀਰ ਰੂਪ ਵਿੱਚ ਜਖਮੀ ਹੈ ਜਿਸ ਦਾ ਗੁਰਦਾਸਪੁਰ ਤੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।