ਦਿਲ ਕੰਬਾਊ ਘਟਨਾ ! ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਮਾਸੂਮਾਂ ਦੀ ਮੌਤ !


ਤਰਨਤਾਰਨ, 1 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਲੋਹੁਕਾ ਵਿਖੇ ਲੰਘੀ ਰਾਤ ਵਾਪਰੀ ਮੰਦਭਾਗੀ ਘਟਨਾ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਜਦੋਂਕਿ ਪਰਿਵਾਰ 3 ਹੋਰ ਮੈਂਬਰ ਗੰਭੀਰ ਹਾਲਤ ‘ਚ ਅੰਮ੍ਰਿਤਸਰ ਦੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜ਼ਹਿਰੀਲੀ ਗੈਸ ਕਾਰਨ ਵਾਪਰੀ। ਦੂਜੇ ਪਾਸੇ ਦੋ ਮਾਸੂਮ ਬੱਚਿਆਂ ਦੀ ਮੌਤ ਦੇ ਚੱਲਦਿਆਂ ਪਿੰਡ ਵਿਚ ਮਾਹੌਲ ਗਮਗੀਨ ਬਣਿਆ ਹੋਇਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਨਵਜੀਤ ਸਿੰਘ ਜੋ ਕਿ ਪਿੰਡ ਵਿਚ ਹੀ ਕਰਿਆਨੇ ਦੀ ਦੁਕਾਨ ਚਲਾਉਣ ਦੇ ਨਾਲ-ਨਾਲ ਆਟਾ ਚੱਕੀ ਦਾ ਕੰਮ ਵੀ ਕਰਦਾ ਹੈ। ਉਸ ਵੱਲੋਂ ਕੁਝ ਮੱਕੀ ਵੀ ਘਰ ਦੇ ਗੁਦਾਮ ‘ਚ ਸਟੋਰ ਕੀਤੀ ਹੋਈ ਸੀ ਅਤੇ ਉਸ ਨੂੰ ਕੀਟਾਂ ਤੋਂ ਬਚਾਉਣ ਲਈ ਦਵਾਈ ਲੱਗੀ ਹੋਈ ਸੀ। ਲੰਘੀ ਦੇਰ ਰਾਤ ਘਰ ਵਿਚ ਲੱਗੇ ਏਸੀ ਨੇ ਉਸ ਜ਼ਹਿਰੀਲੀ ਦਵਾਈ ਨੂੰ ਕਮਰੇ ‘ਚ ਖਿੱਚ ਲਿਆ। ਜਦੋਂ ਅੰਦਰ ਸੁੱਤੇ ਲੋਕਾਂ ਦੀ ਹਾਲਤ ਵਿਗੜੀ ਤਾਂ ਪਰਿਵਾਰ ਨੇ ਜਲਦੀ ਉੱਠ ਕੇ ਆਂਢ ਗੁਆਂਢ ਦੇ ਲੋਕਾਂ ਨੂੰ ਦੱਸਿਆ ਅਤੇ ਉਨ੍ਹਾਂ ਨੂੰ ਤਰੁੰਤ ਤਰਨਤਾਰਨ ਲਿਜਾਇਆ ਗਿਆ। ਜਿੱਥੇਂ ਦੋ ਮਾਸੂਮ ਬੱਚੇ ਜਪਮਨ ਸਿੰਘ (ਇਕ ਸਾਲ) ਅਤੇ ਹਰਗੁਣ ਕੌਰ (ਤਿੰਨ ਸਾਲ) ਦੀ ਮੌਤ ਹੋ ਗਈ। ਨਵਜੀਤ ਸਿੰਘ, ਉਸਦੀ ਪਤਨੀ ਕੁਲਵਿੰਦਰ ਕੌਰ ਅਤੇ ਉਨ੍ਹਾਂ ਦੀ ਵੱਡੀ ਇਕ ਲੜਕੀ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਇਸ ਘਟਨਾ ਤੋਂ ਬਾਅਦ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ। ਉਥੇ ਹੀ ਘਟਨਾ ਦਾ ਪਤਾ ਚੱਲਣ ’ਤੇ ਵੱਡੀ ਗਿਣਤੀ ਲੋਕ ਮ੍ਰਿਤਕ ਦੇ ਘਰ ਇਕੱਠੇ ਹੋ ਗਏ। ਸੋਮਵਾਰ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ ਗਿਆ ਜਦੋਂਕਿ ਮ੍ਰਿਤਕ ਬੱਚਿਆਂ ਦੇ ਮਾਤਾ ਪਿਤਾ ਅਤੇ ਇਕ ਬੱਚੀ ਅਜੇ ਵੀ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।