ਫਿਰੋਜ਼ਪੁਰ ‘ਚ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ, ਦੋ ਮੌਤਾਂ


(ਨਿਊਜ਼ ਟਾਊਨ ਨੈਟਵਰਕ)
ਫਿਰੋਜ਼ਪੁਰ , 24 ਜੂਨ : ਫਿਰੋਜ਼ਪੁਰ-ਫਾਜ਼ਿਲਕਾ ਮਾਰਗ ’ਤੇ ਪੈਂਦੇ ਪਿੰਡ ਪੀਰ ਖਾਂ ਸ਼ੇਖ ਕੋਲ ਦੋ ਕਾਰਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਇਕ ਮਹਿਲਾ ਤੇ ਇਕ ਸਬ ਇੰਸਪੈਕਟਰ ਦੀ ਮੌਤ ਅਤੇ 2 ਤੋਂ 3 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਜਾਣਕਾਰੀ ਮੁਤਾਬਕ ਸੋਮਵਾਰ ਦੇਰ ਸ਼ਾਮ ਜਲਾਲਾਬਾਦ ਵਾਲੇ ਪਾਸਿੳਂ ਆਉਂਦੀ ਇਕ ਦਿੱਲੀ ਨੰਬਰ ਦੀ ਸਿਆਜ਼ ਕਾਰ ਅਤੇ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾਂਦੀ ਇਕ ਕਰੇਟਾ ਕਾਰ ਆਪਸ ਵਿਚ ਟਕਰਾ ਗਈਆਂ । ਵੇਖਦਿਆਂ ਹੀ ਵੇਖਦਿਆਂ ਦੋਵੇਂ ਪਾਸੇ ਟਰੇਫਿਕ ਜਾਮ ਹੋ ਗਿਆ।
ਇਸ ਹਾਦਸੇ ਚ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਦੂਜੀ ਧਿਰ ਦੀ ਕਾਰ ਵਿਚ 3 ਲੋਕ ਸਨ, ਜਿਨ੍ਹਾਂ ਵਿਚੋਂ ਇਕ ਔਰਤ ਦੀ ਮੌਤ ਹੋ ਗਈ ਹੈ। ਮੌਕੇ ’ਤੇ ਮੋਜੂਦ ਲੋਕਾਂ ਵਲੋਂ ਜ਼ਖ਼ਮੀਆਂ ਨੂੰ ਗੱਡੀਆਂ ਵਿਚੋਂ ਕੱਢਿਆ ਗਿਆ। ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਵਲੋਂ ਐਂਬੂਲੈਂਸ ਜਰੀਏ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੂਜੇ ਪਾਸੇ ਸਿਆਜ਼ ਕਾਰ ਨਾਲ ਸਬੰਧਤ ਮ੍ਰਿਤਕਾ ਅਤੇ ਜ਼ਖ਼ਮੀ ਗੁਰੂਹਰਸਹਾਏ ਦੇ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਕੁਲਵਿੰਦਰ ਸਿੰਘ ਨੇ ਘਟਨਾ ਤੋਂ ਇਕ ਦਿਨ ਪਹਿਲਾਂ 6 ਗ੍ਰਾਮ ਹੈਰੋਇਨ ਜ਼ਬਤ ਹੋਣ ਬਾਰੇ ਮੀਡੀਆ ਨੂੰ ਜਾਣਕਾਰੀ ਦਿਤੀ ਸੀ। ਇਸ ਤੋਂ ਪਹਿਲਾਂ ਉਹ ਸੀਆਈਏ ਸਟਾਫ ਫਾਜ਼ਿਲਕਾ ਵਿਚ ਵੀ ਸੇਵਾ ਨਿਭਾ ਚੁੱਕੇ ਹਨ। ਥਾਣਾ ਇੰਚਾਰਜ ਪਰਮਜੀਤ ਅਤੇ ਪੂਰੀ ਪੁਲਿਸ ਟੀਮ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਦੱਸਣਯੋਗ ਹੈ ਕਿ ਤਰਨਤਾਰਨ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਦੋ ਬੱਚਿਆਂ ਦੇ ਪਿਤਾ ਸੀ। ਉਹ ਲਗਭਗ 10 ਦਿਨ ਪਹਿਲਾਂ ਹੀ ਅਬੋਹਰ ਦੇ ਸਿਟੀ ਵਨ ਥਾਣੇ ਵਿਚ ਆਈਓ ਵਜੋਂ ਤਾਇਨਾਤ ਹੋਏ ਸਨ। ਉਨ੍ਹਾਂ ਨੇ ਸਿਟੀ ਵਨ ਇੰਚਾਰਜ ਪਰਮਜੀਤ ਦੀ ਛੁੱਟੀ ਤੋਂ ਬਾਅਦ ਵਾਧੂ ਸਟੇਸ਼ਨ ਇੰਚਾਰਜ ਦਾ ਅਹੁਦਾ ਸੰਭਾਲਿਆ ਸੀ।
