RSS ਆਗੂ ਨਵੀਨ ਅਰੋੜਾ ਕਤਲ ਮਾਮਲੇ ’ਚ ਦੋ ਗ੍ਰਿਫ਼ਤਾਰ


6 ਵਿਅਕਤੀਆਂ ਵਿਰੁਧ ਮਾਮਲਾ ਕੀਤਾ ਗਿਆ ਹੈ ਦਰਜ
ਫ਼ਿਰੋਜ਼ਪੁਰ, 19 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਆਰ. ਐਸ. ਐਸ. ਆਗੂ ਬਲਦੇਵ ਅਰੋੜਾ ਦੇ ਬੇਟੇ ਨਵੀਨ ਅਰੋੜਾ ਦੇ ਕਤਲ ਮਾਮਲੇ ਚ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਸ. ਐਸ. ਪੀ. ਫਿਰੋਜ਼ਪੁਰ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦੇਂਦਿਆ ਦੱਸਿਆ ਕਿ ਨਵੀਨ ਅਰੋੜਾ ਦੇ ਕਤਲ ਦੇ ਸਬੰਧ ਵਿਚ 6 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਐਸ. ਐਸ. ਪੀ. ਨੇ ਦੱਸਿਆ ਕਿ ਇਸ ਕਤਲ ਮਾਮਲੇ ਵਿਚ 6 ਵਿਅਕਤੀਆਂ ਵਿਚੋਂ 2 ਵਿਅਕਤੀਆਂ ਹਰਸ਼ ਅਤੇ ਕੰਨਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਘਟਨਾ ਦੀ ਸਾਰੀ ਯੋਜਨਾ ਕੰਨਵ ਦੇ ਜਨਮ ਦਿਨ ਵਾਲੇ ਦਿਨ ਕੰਨਵ ਦੇ ਘਰ ਬੈਠ ਕੇ ਦੋਸ਼ੀਆਂਨ ਕੰਨਵ,ਹਰਸ਼ ਅਤੇ ਬਾਦਲ ਨੇ ਕੀਤੀ। ਵਾਰਦਾਤ ਤੋਂ ਪਹਿਲਾਂ ਨਵੀਨ ਅਰੋੜਾ ਦੀ ਰੇਕੀ ਕੀਤੀ ਗਈ ਅਤੇ ਇਸ ਕਤਲ ਲਈ ਹਥਿਆਰ ਉੱਤਰ ਪ੍ਰਦੇਸ਼ ਤੋਂ ਮੰਗਾਏ ਗਏ ਸਨ । ਵਾਰਦਾਤ ਤੋਂ ਬਾਅਦ ਕੰਨਵ ਅਤੇ ਹਰਸ਼ ਦੀ ਮੱਦਦ ਨਾਲ ਦੋਵੇਂ ਸ਼ੂਟਰ ਫਰਾਰ ਹੋ ਗਏ,ਜਿਨ੍ਹਾਂ ਦੀ ਭਾਲ ਜਾਰੀ ਹੈ । ਇਨ੍ਹਾਂ ਦੋਸ਼ੀਆਂ ਪਾਸੋ ਮੋਬਾਈਲ ਫੋਨ ਬਰਾਮਦ ਹੋਏ ਹਨ । ਦੋਸ਼ੀਆਂ ਦੀ ਭਾਲ ਜਲਦ ਕਰ ਲਈ ਜਾਵੇਗੀ।
