ਜਨਮ ਅਧਿਕਾਰ ਨਾਗਰਿਕਤਾ ਖ਼ਤਮ ਕਰਨ ਦੇ ਟਰੰਪ ਦੇ ਫ਼ੈਸਲੇ ‘ਤੇ ਰੋਕ


ਵਾਸ਼ਿੰਗਟਨ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੇ ਹੁਕਮ ‘ਤੇ ਰੋਕ ਲਗਾ ਦਿਤੀ। ਨਿਊ ਹੈਂਪਸ਼ਾਇਰ ਜ਼ਿਲ੍ਹਾ ਅਦਾਲਤ ਦੇ ਜੱਜ ਜੋਸਫ਼ ਲਾਪਲਾਂਟ ਨੇ ਕਿਹਾ ਕਿ ਨਾਗਰਿਕਤਾ ਸਭ ਤੋਂ ਵੱਡਾ ਸੰਵਿਧਾਨਕ ਹੱਕ ਹੈ ਅਤੇ ਇਸਨੂੰ ਖੋਹਿਆ ਨਹੀਂ ਜਾਣਾ ਚਾਹੀਦਾ।
ਜੱਜ ਲਾਪਲਾਂਟ ਨੇ ਕਿਹਾ, ‘ਇਹ ਮਾਮਲਾ ਬਹੁਤ ਗੰਭੀਰ ਹੈ। ਜੇਕਰ ਇਹ ਨੀਤੀ ਲਾਗੂ ਕੀਤੀ ਜਾਂਦੀ ਹੈ, ਤਾਂ ਬੱਚੇ ਅਮਰੀਕੀ ਨਾਗਰਿਕਤਾ ਤੋਂ ਵਾਂਝੇ ਹੋ ਜਾਣਗੇ। ਇਹ ਇਕ ਵੱਡਾ ਨੁਕਸਾਨ ਹੈ।’ ਜੱਜ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਕਲਾਸ ਐਕਸ਼ਨ ਸਟੇਟਸ (ਜਨਤਕ ਮੁਕੱਦਮਾ) ਨੂੰ ਮਨਜ਼ੂਰੀ ਦੇਣਗੇ, ਜਿਸ ਵਿਚ ਇਸ ਹੁਕਮ ਤੋਂ ਪ੍ਰਭਾਵਿਤ ਸਾਰੇ ਬੱਚੇ ਸ਼ਾਮਲ ਹੋਣਗੇ।
ਜੱਜ ਨੇ ਆਪਣੇ ਫੈਸਲੇ ‘ਤੇ 7 ਦਿਨਾਂ ਲਈ ਰੋਕ ਲਗਾ ਦਿਤੀ ਹੈ ਅਤੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕਰਨ ਦਾ ਮੌਕਾ ਦਿਤਾ ਹੈ। ਜੱਜ ਨੇ ਕਿਹਾ ਕਿ ਉਹ ਇਸ ਹੁਕਮ ਨੂੰ ਲਾਗੂ ਹੋਣ ਤੋਂ ਰੋਕਣ ਲਈ ਇਕ ਅਸਥਾਈ ਹੁਕਮ ਜਾਰੀ ਕਰਨਗੇ। ਇਸ ਫ਼ੈਸਲੇ ਦੀ ਇਕ ਲਿਖਤੀ ਕਾਪੀ ਜਲਦੀ ਹੀ ਜਾਰੀ ਕੀਤੀ ਜਾਵੇਗੀ।
ਜੇਕਰ ਕੋਈ ਅਪੀਲ ਹੁੰਦੀ ਹੈ, ਤਾਂ ਮਾਮਲਾ ਉੱਚ ਅਦਾਲਤਾਂ ਵਿਚ ਜਾ ਸਕਦਾ ਹੈ। ਫਿਲਹਾਲ, ਇਹ ਨੀਤੀ ਦੇਸ਼ ਭਰ ਵਿਚ ਲਾਗੂ ਨਹੀਂ ਕੀਤੀ ਜਾਵੇਗੀ ਅਤੇ ਅਮਰੀਕਾ ਵਿਚ ਪੈਦਾ ਹੋਏ ਬੱਚਿਆਂ ਨੂੰ ਅਜੇ ਵੀ ਨਾਗਰਿਕਤਾ ਮਿਲਦੀ ਰਹੇਗੀ।